ਮੰਡੀ ਲੱਖੇਵਾਲੀ, 31 ਅਕਤੂਬਰ (ਮਿਲਖ ਰਾਜ)-ਸਿੱਖਿਆ ਵਿਭਾਗ ਵਲੋਂ ਪ੍ਰਾਇਮਰੀ ਸਕੂਲਾਂ ਦੀਆਂ ਜ਼ਿਲ੍ਹਾ ਪੱਧਰੀ ਕਰਵਾਈਆਂ ਖੇਡਾਂ 'ਚ ਸੈਂਟਰ ਪੰਨੀਵਾਲਾ ਫੱਤਾ ਦੇ ਵਿਦਿਆਰਥੀਆਂ ਨੇ ਸਫ਼ਲਤਾ ਦੇ ਝੰਡੇ ਗੱਡਦੇ ਹੋਏ ਵੱਖ-ਵੱਖ ਮੁਕਾਬਲਿਆਂ 'ਚ ਜਿੱਤਾਂ ਦਰਜ ਕੀਤੀਆਂ ਹਨ | ਸੈਂਟਰ ਮੁੱਖ ਅਧਿਆਪਕ ਮਨਜੀਤ ਕੁਮਾਰ, ਈ.ਟੀ.ਟੀ. ਅਧਿਆਪਕ ਸਚਿਨ ਸੇਤੀਆ, ਮਨਜੀਤ ਕੌਰ, ਗੁਰਮੀਤ ਸਿੰਘ, ਦੇਵਜੋਤ ਕੌਰ, ਸੁਨੀਤਾ ਰਾਣੀ, ਹਰਮੀਤ ਕੌਰ, ਮਿਥਲੇਸ਼ ਕੁਮਾਰੀ, ਐਸੋਸੀਏਟ ਟੀਚਰ ਰੇਖਾ ਰਾਣੀ ਅਤੇ ਗੁਰਪ੍ਰੀਤ ਸਿੰਘ ਵਲੋਂ ਪਾਏ ਯੋਗਦਾਨ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਪੰਨੀਵਾਲਾ ਫੱਤਾ ਦੀ ਵਿਦਿਆਰਥਣ ਕਮਲਪ੍ਰੀਤ ਕੌਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੋਹਲਾਂ ਦੀ ਵਿਦਿਆਰਥਣ ਤਾਨੀਆ ਨੇ ਜਿੱਤ ਪ੍ਰਾਪਤ ਕੀਤੀ ਹੈ | ਸੈਂਟਰ ਪੰਨੀਵਾਲਾ ਫੱਤਾ ਦੀ ਵਿਦਿਆਰਥਨ ਗੁਰਲੀਨ ਕੌਰ ਤੇ ਜਸਨੂਰ ਕੌਰ ਦੀ ਰਾਜ ਪੱਧਰੀ ਮੁਕਾਬਲਿਆਂ ਵਾਸਤੇ ਚੋਣ ਹੋਈ ਹੈ | ਰਿਲੇਅ ਦੌੜ ਲੜਕੀਆਂ 400 ਮੀਟਰ ਵਿਚ ਸੈਂਟਰ ਪੰਨੀਵਾਲਾ ਦੀ ਟੀਮ ਦੂਜੇ ਸਥਾਨ 'ਤੇ ਰਹੀ ਹੈ | ਟੀਮ 'ਚ ਵਿਦਿਆਰਥਣ ਰਵਨੀਤ ਕੌਰ ਪੰਨੀਵਾਲਾ ਫੱਤਾ, ਸਲੀਨਾ ਬੋਦੀਵਾਲਾ ਖੜਕ ਸਿੰਘ, ਪਿ੍ਅੰਕਾ ਮਿੱਡਾ ਤੇ ਖ਼ੁਸ਼ਮਨ ਕੌਰ ਕਰਮਪੱਟੀ ਸ਼ਾਮਿਲ ਸਨ | ਰਵਨੀਤ ਕੌਰ ਨੇ 100 ਮੀਟਰ ਦੌੜ 'ਚੋਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਦੂਜਾ ਸਥਾਨ ਹਾਸਿਲ ਕੀਤਾ ਹੈ | ਸਰਕਾਰੀ ਪ੍ਰਾਇਮਰੀ ਸਕੂਲ ਮੋਹਲਾਂ ਦੇ ਵਿਦਿਆਰਥੀ ਖ਼ੁਸ਼ਦਿਲ ਸਿੰਘ ਨੇ 600 ਮੀਟਰ ਦੌੜ ਵਿਚੋਂ ਦੂਜਾ ਅਤੇ 200 ਮੀਟਰ ਦੌੜ ਵਿਚੋਂ ਤੀਜਾ ਸਥਾਨ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਹਾਸਿਲ ਕੀਤਾ ਹੈ | ਸੈਂਟਰ ਮੁੱਖ ਅਧਿਆਪਕ ਮਨਜੀਤ ਕੁਮਾਰ ਨੇ ਇਸ ਸਫ਼ਲਤਾ ਲਈ ਸੈਂਟਰ ਦੇ ਸਮੂਹ ਸਕੂਲ ਸਟਾਫ਼ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਕਿਹਾ, ਤਾਂ ਜੋ ਉਹ ਇਸੇ ਤਰ੍ਹਾਂ ਖੇਡਾਂ ਵਿਚ ਵੀ ਨਾਮਣਾ ਖੱਟ ਸਕਣ |