ਫ਼ਰੀਦਕੋਟ, 3 ਨਵੰਬਰ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਸ਼ੱਕ ਦੇ ਆਧਾਰ 'ਤੇ ਨਸ਼ਾ ਸਮਗਰੀ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਖ਼ਿਲਾਫ਼ ਪੁਲਿਸ ਵਲੋਂ ਸੰਬੰਧਿਤ ਥਾਣਿਆਂ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਸਵਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਸ਼ੱਕੀ ਪੁਰਸ਼ਾਂ ਸੰਬੰਧੀ ਨੇੜੇ ਲਾਲ ਕੋਠੀ, ਤਾਂਗਾ ਸ਼ੈੱਡ, ਫ਼ਰੀਦਕੋਟ ਵਿਖੇ ਨਾਕਾ ਲਗਾਇਆ ਹੋਇਆ ਸੀ ਤਾਂ ਉਥੇ ਸ਼ੱਕ ਦੇ ਆਧਾਰ 'ਤੇ ਗੁਰਵਿੰਦਰਪਾਲ ਸਿੰਘ ਪੁੱਤਰ ਗੁਰਮੁੱਖ ਸਿੰਘ ਰੋਕ ਕੇ ਉਸ ਦੀ ਜਾਬਤਾ ਅਨੁਸਾਰ ਤਲਾਸ਼ੀ ਲਈ ਤਾਂ ਉਸ ਪਾਸੋਂ ਕਥਿਤ ਤੌਰ 'ਤੇ 15 ਗ੍ਰਾਮ ਹੈਰੋਇਨ ਅਤੇ 30000/- ਡਰੱਗ ਮਨੀ ਬਰਾਮਦ ਹੋਈ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਤੋਂ ਕੀਤੀ ਗਈ ਪੁਛਗਿੱਛ ਤੋਂ ਬਾਅਦ ਉਸ ਦੇ ਇਕ ਹੋਰ ਸਾਥੀ ਮਨੀਸ਼ ਕੁਮਾਰ ਪੁੱਤਰ ਸੁਨੀਲ ਕੁਮਾਰ ਵਾਸੀ ਫ਼ਰੀਦਕੋਟ ਨੂੰ ਕਾਬੂ ਕਰਕੇ ਉਸ ਪਾਸੋਂ ਵੀ ਕਥਿਤ ਤੌਰ 'ਤੇ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਉਨ੍ਹਾਂ ਦੱਸਿਆ ਕਿ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ.ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | ਇਸੇ ਤਰ੍ਹਾਂ ਹੀ ਹੌਲਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਜਹਾਜ਼ ਗਰਾਊਾਡ ਫ਼ਰੀਦਕੋਟ ਵਿਖੇ ਰਾਹੁਲ ਉਰਫ਼ ਗੰਜਾ ਪੁੱਤਰ ਜਸਵਿੰਦਰ ਸਿੰਘ ਅਤੇ ਸੁਰੇਸ਼ ਪਾਲ ਉਰਫ਼ ਚੀਨੀ ਪੁੱਤਰ ਪੰਨਾ ਲਾਲ ਵਾਸੀ ਫ਼ਰੀਦਕੋਟ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਉਨ੍ਹਾਂ ਪਾਸੋਂ ਕਥਿਤ ਤੌਰ 'ਤੇ 6 ਗ੍ਰਾਮ ਹੈਰੋਇਨ ਸਮੇਤ ਲਿਫ਼ਾਫ਼ੀ ਬਰਾਮਦ ਕੀਤੀ ਗਈ ਅਤੇ ਦੋਵਾਂ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ-2 ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ.ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਦੋਵਾਂ ਮਾਮਲਿਆ ਵਿਚ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |