ਫ਼ਰੀਦਕੋਟ, 3 ਨਵੰਬਰ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ ਅਸਾਮ ਦੀ ਧਰਤੀ ਤੋਂ ਸ਼ੁਰੂ ਹੋਇਆ ਸੀ ਤੇ ਵੱਖ-ਵੱਖ ਰਾਜਾਂ ਵਿਚ ਹੁੰਦਾ ਹੋਇਆ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਪੁੱਜਾ ਸੀ | ਸ੍ਰੀ ਮੁਕਤਸਰ ਸਾਹਿਬ ਤੋਂ ਕੱਲ੍ਹ ਰਵਾਨਾ ਹੋਇਆ ਇਹ ਨਗਰ ਕੀਰਤਨ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦਾ ਹੋਇਆ ਦੇਰ ਰਾਤ 10 ਵਜੇ ਫ਼ਰੀਦਕੋਟ ਜ਼ਿਲ੍ਹੇ ਵਿਚ ਪ੍ਰਵੇਸ਼ ਕੀਤਾ ਜਿੱਥੇ ਵੱਡੀ ਗਿਣਤੀ ਵਿਚ ਗੁਰੂ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਇਹ ਵਿਸ਼ਾਲ ਨਗਰ ਕੀਰਤਨ ਮਿੱਥੇ ਪ੍ਰੋਗਰਾਮ ਅਨੁਸਾਰ ਰਾਤ ਨੂੰ ਫ਼ਰੀਦਕੋਟ ਦੇ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਵਿਸ਼ਰਾਮ ਕਰਕੇ ਅੱਜ ਸਵੇਰੇ ਅਗਲੇ ਪੜ੍ਹਾਅ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਇਆ | ਦੇਰ ਰਾਤ ਨਗਰ ਕੀਰਤਨ ਪੁੱਜਣ ਦੇ ਬਾਵਜੂਦ ਵੀ ਲੋਕਾਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ ਜਿੱਥੇ ਵੱਡੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਗੁਰੂ ਮਹਾਰਾਜ ਜੀ ਦੇ ਨਤਮਸਤਕ ਹੋਏ | ਫ਼ਰੀਦਕੋਟ ਚ ਦਾਖ਼ਲ ਹੋਣ ਸਮੇਂ ਗੁਰਦੁਆਰਾ ਗੋਦੜੀ ਸਾਹਿਬ ਕੋਲ ਬਾਬਾ ਫ਼ਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਤੀਨਿਧਾਂ ਡਾ. ਗੁਰਇੰਦਰ ਮੋਹਨ ਸਿੰਘ, ਸੁਰਿੰਦਰ ਸਿੰਘ ਰੋਮਾਣਾ, ਦੀਪਇੰਦਰ ਸਿੰਘ ਸੇਖੋਂ ਤੇ ਕੁਲਜੀਤ ਸਿੰਘ ਮੌਂਗੀਆਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ | ਫ਼ਰੀਦਕੋਟ ਸ਼ਹਿਰ ਪਹੁੰਚਣ 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਤੇ ਐਸ.ਜੀ.ਪੀ.ਸੀ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਨੇ ਸਵਾਗਤ ਕਰਦਿਆਂ ਦੱਸਿਆ ਕਿ ਇਸ ਵਿਸ਼ਾਲ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ 'ਚ ਸ਼ਰਧਾਲੂਆਂ ਦਾ ਇਕੱਠ ਉਮੁੜਿਆ ਹੋਇਆ ਹੈ | ਨਗਰ ਕੀਰਤਨ ਵਿਚ ਹਰ ਇਕ ਧਰਮ ਦੇ ਵਿਅਕਤੀ ਵਲੋਂ ਸ਼ਮੂਲੀਅਤ ਕੀਤੀ ਗਈ | ਅੱਜ ਸਵੇਰੇ ਵੀ ਵੱਡੀ ਗਿਣਤੀ ਸੰਗਤਾਂ ਤੇ ਸਕੂਲੀ ਬੱਚਿਆਂ ਨੇ ਨਗਰ ਕੀਰਤਨ ਵਿਚ ਸ਼ਿਰਕਤ ਕੀਤੀ ਤੇ ਗੁਰੂ ਸਾਹਿਬਾਨ ਦੇ ਸ਼ਸਤਰਾਂ ਦੇ ਦਰਸ਼ਨ ਦੀਦਾਰੇ ਕੀਤੇ | ਇਸ ਮੌਕੇ ਨਗਰ ਕੀਰਤਨ ਦੀ ਆਰੰਭਤਾ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਲੋਂ ਪੰਜ ਪਿਆਰਿਆ ਨੂੰ ਸਿਰੋਪਾਓ ਦੇ ਕੇ ਉਨ੍ਹਾਂ ਦਾ ਸਤਿਕਾਰ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਅਨਨ ਸੇਵਕਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਆਈ ਦਿਵਸ ਨੂੰ ਸਮਰਪਿਤ ਇਕ ਮਹਾਨ ਨਗਰ ਕੀਰਤਨ ਆਸਾਮ ਦੇ ਗੁਰਦੁਆਰਾ ਧੋਪੜੀ ਸਾਹਿਬ ਤੋਂ ਸ਼ੁਰੂ ਹੋਇਆ ਸੀ ਜੀ ਜੋ ਪੜਾਅ ਦਰ ਪੜਾਅ ਪੈਂਡਾਂ ਤਹਿ ਕਰਦਾ ਹੋਇਆ ਕੱਲ੍ਹ ਫ਼ਰੀਦਕੋਟ ਪਹੰੁਚਿਆ ਸੀ | ਉਨ੍ਹਾਂ ਕਿਹਾ ਕਿ ਸੰਗਤਾਂ ਵਿਚ ਬਹੁਤ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ | ਸਿੱਖ ਗੁਰੂ ਸਾਹਿਬਾਨਾਂ ਨੇ ਆਪਣੇ ਉਪਦੇਸ਼ ਵਿਚ ਸਾਂਝੀ ਵਾਲਤਾ ਤੇ ਅਮਨ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ | ਸ਼ਹੀਦੀ ਨਗਰ ਕੀਰਤਨ ਦੀ ਆਮਦ 'ਤੇ ਰਾਤ ਸਮੇਂ ਸ਼ਹਿਰ ਨੂੰ ਪੂਰੀ ਰੌਸ਼ਨੀ ਨਾਲ ਸਜਾਇਆ ਹੋਇਆ ਸੀ ਤੇ ਸਵਾਗਤ ਲਈ ਸਜਾਵਟੀ ਗੇਟ ਵੀ ਲਗਾਏ ਹੋਏ ਸਨ |