ਫ਼ਰੀਦਕੋਟ, 3 ਨਵੰਬਰ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਪਿੰਡ ਚੰਦਬਾਜਾ ਤੋਂ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਹਰਦੇਵ ਸਿੰਘ, ਇੰਚਾਰਜ ਪੁਲਿਸ ਚੌਂਕੀ ਕਲੇਰ ਨੇ ਦੱਸਿਆ ਕਿ ਉਹ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਬਰਾਏ ਸਪੈਸ਼ਲ ਨਾਕਾਬੰਦੀ ਸ਼ੱਕੀ ਪੁਰਸ਼ਾਂ ਸੰਬੰਧੀ ਪਿੰਡ ਧੂੜਕੋਟ ਤੋਂ ਪਿੰਡ ਚੰਦਬਾਜਾ ਜਾ ਰਹੇ ਸਨ ਤਾਂ ਸੁਏ ਦੀ ਪਟੜੀ ਤੋਂ ਪਿੰਡ ਮੰਡਵਾਲਾ ਤਰਫ਼ੋਂ ਆ ਰਹੇ ਮੋਟਰਸਾਈਕਲ ਸਵਾਰ ਮੁਲਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਤੇ ਜਸਪ੍ਰੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਜ਼ਿਲ੍ਹਾ ਫ਼ਰੀਦਕੋਟ ਨੂੰ ਸ਼ੱਕ ਆਧਾਰ 'ਤੇ ਰੋਕ ਕੇ ਉਨ੍ਹਾਂ ਦੀ ਜਾਬਤਾ ਅਨੁਸਾਰ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ ਕਥਿਤ ਤੌਰ 'ਤੇ 60 ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਤਫਤੀਸ਼ ਦੌਰਾਨ ਉਨ੍ਹਾਂ ਦੇ ਇਕ ਹੋਰ ਸਾਥੀ ਦਲਵੀਰ ਸਿੰਘ ਪੁੱਤਰ ਮੰਦਰ ਸਿੰਘ ਨੂੰ ਕਾਬੂ ਕਰਕੇ ਤਿੰਨਾਂ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਸਦਰ ਫ਼ਰੀਦਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ |