ਕੋਟਕਪੂਰਾ, 6 ਦਸੰਬਰ (ਮੋਹਰ ਸਿੰਘ ਗਿੱਲ)-ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਹਦਾਇਤ 'ਤੇ ਬਲਾਕ ਰਿਸੋਰਸ ਸੈਂਟਰ ਕੋਟਕਪੂਰਾ ਦੇ ਵੱਖ-ਵੱਖ ਸਕੂਲਾਂ ਵਿਚ ਪੀ.ਐਮ. ਪੋਸ਼ਣ ਸਕੀਮ ਅਧੀਨ ਸੇਵਾਵਾਂ ਦੇ ਰਹੇ ਕੁੱਕਸ ਦਾ ਬਲਾਕ ਪੱਧਰੀ ਕੁਕਿੰਗ ਮੁਕਾਬਲਾ ਸੁਰਜੀਤ ਸਿੰਘ ਬੀ.ਪੀ.ਈ.ਓ ਕੋਟਕਪੂਰਾ ਅਤੇ ਦੀਪਕ ਕੁਮਾਰ ਬਲਾਕ ਮਿਡ ਡੇ ਮੀਲ ਮੈਨੇਜਰ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਸੈਂਟਰ ਪੱਧਰ ਦੇ ਫਾਈਨਲਿਸਟ 8 ਕੁੱਕਸ ਨੇ ਭਾਗ ਲਿਆ | ਇਸ ਮੁਕਾਬਲੇ ਦੀ ਜੱਜਮੈਂਟ ਲੈਕਚਰਾਰ ਹੋਮ ਸਾਇੰਸ ਗੁਰਵਿੰਦਰ ਕੌਰ ਡਾ. ਚੰਦਾ ਸਿੰਘ ਮਰਵਾਹ ਕੁੜੀਆਂ, ਧਰਮਿੰਦਰ ਸਿੰਘ ਹੈਡ ਟੀਚਰ ਸ.ਪ.ਸ ਪੰਜਗਰਾਈਾ ਕਲਾਂ, ਅੰਜੂ ਬਾਲਾ ਐਮ.ਆਈ.ਐਸ. ਕੋਆਰਡੀਨੇਟਰ ਨੇ ਕੀਤੀ | ਉਨ੍ਹਾਂ ਮੁਕਾਬਲੇ ਵਿਚ ਹਿੱੱਸਾ ਲੈ ਰਹੇ ਭਾਗੀਦਾਰਾਂ ਸਮੇਤ ਸਾਰੇ ਹਾਜ਼ਰੀਨ ਨੂੰ ਪੌਸ਼ਟਿਕ ਖਾਣੇ ਦੀ ਮਹੱਤਤਾ ਬਾਰੇ, ਵਧੀਆ ਤਰੀਕੇ ਨਾਲ ਖਾਣਾ ਤਿਆਰ ਕਰਨ ਬਾਰੇ ਅਤੇ ਸਕੂਲਾਂ ਵਿਚ ਬੱਚਿਆਂ ਨੂੰ ਦਿੱਤੇ ਜਾ ਰਹੇ ਖਾਣੇ ਨੂੰ ਹੋਰ ਸਵਾਦੀ ਬਣਾ ਕੇ ਹੋਰ ਵਧੀਆ ਤਰੀਕੇ ਨਾਲ ਪੋਸ਼ਣ ਬਾਰੇ ਵੀ ਜਾਣਕਾਰੀ ਦਿੱਤੀ | ਸੈਂਟਰ ਕੋਟਕਪੂਰਾ ਤੋਂ ਹਰਪ੍ਰੀਤ ਕੌਰ ਜੀਵਨ ਨਗਰ, ਪਰਮਜੀਤ ਕੌਰ ਵਾਰਡ ਨੰਬਰ 4, ਜਸਵਿੰਦਰ ਕੌਰ ਵਾਰਡ ਨੰਬਰ 11 ਨੂੰ ਪਹਿਲਾ ਸਥਾਨ ਮਿਲਿਆ | ਇਸੇ ਤਰ੍ਹਾਂ ਸ.ਪ.ਸ ਖਾਰਾ-2 ਤੋਂ ਮਨਦੀਪ ਕੌਰ ਨੂੰ ਦੂਸਰਾ ਸਥਾਨ ਹਾਸਿਲ ਹੋਇਆ | ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਦਰਾਕਾ ਤੋਂ ਰਾਣੀ ਕੌਰ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ | ਦਫ਼ਤਰ ਬੀ.ਪੀ.ਈ.ਓ ਕੋਟਕਪੂਰਾ ਵਲੋਂ ਜੇਤੂਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ |