ਫ਼ਰੀਦਕੋਟ, 7 ਦਸੰਬਰ (ਹਰਮਿੰਦਰ ਸਿੰਘ ਮਿੰਦਾ)-ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਖੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਦੀ ਯੋਗ ਅਗਵਾਈ ਹੇਠ ਪਟਿਆਲਾ ਕੰਜ਼ਿਊਮਰਜ਼ ਐਂਡ ਟੈਲੀਫ਼ੋਨ ਸਬਸਕਰਾਈਬਰਜ਼ ਫ਼ੋਰਮ ਦੇ ਸਹਿਯੋਗ ਨਾਲ ਖ਼ਪਤਕਾਰ ਆਊਟਰੀਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਸਮਾਗਮ 'ਚ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਤੇ ਪਿ੍ੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਵਿਸ਼ੇਸ਼ ਮਹਿਮਾਨ ਸਨ | ਕਾਲਜ ਦੇ ਪਿ੍ੰਸੀਪਲ ਡਾ. ਰਾਜੇਸ਼ ਮੋਹਨ ਨੇ ਵਿਸ਼ੇਸ਼ ਮਹਿਮਾਨਾਂ ਤੇ ਪਤਵੰਤੇ ਸੱਜਣਾਂ ਦਾ ਬੁੱਕੇ ਦੇ ਕੇ ਸਵਾਗਤ ਕੀਤਾ | ਇਸ ਮੌਕੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਮੋਬਾਇਲ ਫ਼ੋਨ ਦਾ ਸਦਉਪਯੋਗ ਕਰਨਾ ਚਾਹੀਦਾ ਹੈ ਤੇ ਸੰਚਾਰ ਸਾਧਨਾਂ ਬਾਰੇ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਰਹਿਣਾ ਚਾਹੀਦਾ ਹੈ | ਪਿ੍ੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ ਨੇ ਕਿਹਾ ਕਿ ਸਾਨੂੰ ਮੋਬਾਇਲ ਫ਼ੋਨ ਦੀ ਵਰਤੋਂ ਬਾਰੇ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਬੇਲੋੜੀਆਂ ਕਾਲਾਂ ਤੇ ਆਨਲਾਈਨ ਠੱਗੀਆਂ ਤੋਂ ਬਚਿਆ ਜਾ ਸਕੇ | ਪਵਨ ਗੋਇਲ ਜਨਰਲ ਸਕੱਤਰ ਪਟਿਆਲਾ ਕੰਜ਼ਿਊਮਰਜ਼ ਐਂਡ ਟੈਲੀਫ਼ੋਨ ਸਬਸਕਰਾਈਬਰਜ਼ ਫ਼ੋਰਮ ਨੇ ਵਿਦਿਆਰਥੀਆਂ ਨਾਲ ਫ਼ੋਰਮ ਦੇ ਉਦੇਸ਼ਾਂ ਅਤੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਪ੍ਰੋ. ਬੀਰਇੰਦਰਜੀਤ ਸਿੰਘ ਨੇ ਸਾਈਬਰ ਕ੍ਰਾਈਮ, ਇਸਦੇ ਮੁੱਖ ਪ੍ਰਕਾਰ, ਪ੍ਰਭਾਵਾਂ ਤੇ ਸਾਈਬਰ ਕ੍ਰਾਈਮ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਸੰਜੀਵ ਵੋਹਰਾ ਰਿਲਾਇੰਸ ਜੀਓ ਮੋਹਾਲੀ, ਰਮਨ ਗੋਇਲ, ਬਲਦੇਵ ਸ਼ਰਮਾ ਨੇ ਵੀ ਖ਼ਪਤਕਾਰ ਸੁਰੱਖਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਪ੍ਰੋਗਰਾਮ ਦੌਰਾਨ ਬੀ.ਐਡ. ਭਾਗ ਪਹਿਲਾ ਦੀ ਵਿਦਿਆਰਥਣ ਜਸਪਿੰਦਰ ਕੌਰ ਨੇ ਸੱਭਿਆਚਾਰਕ ਗੀਤ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ | ਮੰਚ ਸੰਚਾਲਨ ਪ੍ਰੋ. ਬੀਰਇੰਦਰਜੀਤ ਸਿੰਘ ਤੇ ਪਵਨ ਸ਼ਰਮਾ ਨੇ ਕੀਤਾ | ਪ੍ਰੋ. ਰਣਜੀਤ ਸਿੰਘ ਬਾਜਵਾ ਨੇ ਸਭ ਦਾ ਧੰਨਵਾਦ ਕੀਤਾ |