ਸ੍ਰੀ ਮੁਕਤਸਰ ਸਾਹਿਬ, 17 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪੈਨਸ਼ਨਰ ਯੂਨੀਅਨ (ਏਟਕ) ਸ੍ਰੀ ਮੁਕਤਸਰ ਸਾਹਿਬ ਵਲੋਂ ਸਥਾਨਕ ਮਲੋਟ ਰੋਡ ਸਥਿਤ ਕਾਮਰੇਡ ਗੁਰਮੇਲ ਸਿੰਘ ਮੋਗਾ ਯਾਦਗਾਰੀ ਟਰੱਸਟ ਭਵਨ ਵਿਖੇ ਪੈਨਸ਼ਨਰ ਦਿਵਸ ਮਨਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਅੰਗਰੇਜ਼ ਸਿੰਘ ਕਾਮਰੇਡ ਅਤੇ ਜਨਰਲ ਸਕੱਤਰ ਹਰ ਭਗਵਾਨ ਵਲੋਂ ਕੀਤੀ ਗਈ | ਇਸ ਮੌਕੇ ਸਭ ਤੋਂ ਪਹਿਲਾਂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਡਾਇਰੀ 2026 ਰਿਲੀਜ਼ ਕੀਤੀ ਗਈ ਤੇ ਸਾਥੀਆਂ ਨੂੰ ਭੇਟ ਕੀਤੀ ਗਈ | ਉਪਰੰਤ 70 ਸਾਲ ਤੋਂ ਵਡੇਰੀ ਉਮਰ ਦੇ ਪੈਨਸ਼ਨਰ ਮਲਕੀਤ ਸਿੰਘ ਥਾਂਦੇਵਾਲਾ, ਦਰਸ਼ਨ ਸਿੰਘ ਗੋਨਿਆਣਾ, ਅੰਗਰੇਜ਼ ਸਿੰਘ, ਹਰ ਭਗਵਾਨ ਸਿੰਘ, ਗੁਰਮੁਖ ਸਿੰਘ ਤੇ ਗੰਗਾ ਰਾਮ ਬਰੀਵਾਲਾ ਨੂੰ ਟਰਾਫ਼ੀਆਂ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਪ੍ਰਧਾਨ ਅੰਗਰੇਜ਼ ਸਿੰਘ ਨੇ ਪੈਨਸ਼ਨਰਾਂ ਨਾਲ ਉਨ੍ਹਾਂ ਦੀਆਂ ਮੰਗਾਂ ਤੇ ਮਸਲਿਆਂ ਸੰਬੰਧੀ ਵਿਚਾਰ ਸਾਂਝੇ ਕੀਤੇ | ਇਸ ਮੌਕੇ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ |