ਸ੍ਰੀ ਮੁਕਤਸਰ ਸਾਹਿਬ, 17 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਮੰਡਲ ਸ੍ਰੀ ਮੁਕਤਸਰ ਸਾਹਿਬ ਦੇ ਪੈਨਸ਼ਨਰਾਂ ਵਲੋਂ ਪੈਨਸ਼ਨਰ ਦਿਵਸ ਜੰਗ ਭਵਨ ਵਿਖੇ ਮੰਡਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਦੀ ਅਗਵਾਈ ਵਿਚ ਮਨਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਪੈਨਸ਼ਨਰ ਵੀਰ ਤੇ ਫ਼ੈਮਲੀ ਪੈਨਸ਼ਨਰ ਭੈਣਾਂ ਪਹੁੰਚੇ ਤੇ ਵਿਸ਼ੇਸ਼ ਤੌਰ 'ਤੇ ਸਰਕਲ ਸਕੱਤਰ ਮੇਘ ਰਾਜ ਬੁੱਟਰ ਸ਼ਾਮਿਲ ਹੋਏ | ਪ੍ਰਧਾਨ ਜੋਗਿੰਦਰ ਸਿੰਘ ਮੱਲਣ ਨੇ ਸਾਰਿਆਂ ਨੂੰ ਜੀ ਆਇਆ ਕਿਹਾ ਤੇ ਧੰਨਵਾਦ ਕੀਤਾ | ਮੰਡਲ ਪ੍ਰਧਾਨ ਨੇ ਪੈਨਸ਼ਨ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ | ਮੇਘ ਰਾਜ ਬੁੱਟਰ ਨੇ ਸਰਕਾਰ ਦੀਆਂ ਨੀਤੀਆਂ ਬਾਰੇ ਦੱਸਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਸੱਤਾ ਦੇ ਨਸ਼ੇ ਵਿਚ ਲੋਕ ਮਾਰੂ, ਕਿਸਾਨ ਮਾਰੂ, ਮੁਲਾਜ਼ਮ ਮਾਰੂ, ਪੈਨਸ਼ਨਰ ਮਾਰੂ ਤੇ ਮਜ਼ਦੂਰ ਮਾਰੂ ਫ਼ੈਸਲੇ ਲੈ ਕੇ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ ਨਿੱਜੀਕਰਨ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ | ਸਮਾਗਮ ਨੂੰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਪੱਤਰਕਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪੱਤਰਕਾਰ ਭਾਈਚਾਰੇ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ 14 ਪੈਨਸ਼ਨਰਜ਼ ਵੀਰਾਂ ਤੇ 8 ਫ਼ੈਮਲੀ ਪੈਨਸ਼ਨਰਜ਼ ਭੈਣਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਕਲ ਸਕੱਤਰ ਮੇਘ ਰਾਜ ਬੁੱਟਰ ਤੇ ਸਰਕਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਨੂੰ ਵੀ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਹਰ ਸਮਾਗਮ ਵਿਚ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਮਾਗਮ ਨੂੰ ਸਰਕਲ ਆਗੂਆਂ ਸ਼ਿਵਦੀਪ ਸਿੰਘ ਬਰਾੜ, ਜਸਵਿੰਦਰ ਸਿੰਘ, ਮੰਡਲ ਆਗੂਆਂ ਬੂਟਾ ਸਿੰਘ ਹਰਾਜ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ, ਮੀਤ ਪ੍ਰਧਾਨ ਅਮਰਜੀਤ ਪਾਲ ਸ਼ਰਮਾ, ਮੰਡਲ ਸਕੱਤਰ, ਵਿਜੇ ਸੋਈ ਪ੍ਰੈੱਸ ਸਕੱਤਰ, ਭਜਨ ਸਿੰਘ ਜਥੇਬੰਦਕ ਸਕੱਤਰ, ਮੇਜਰ ਸਿੰਘ ਆਡੀਟਰ ਤੋਂ ਇਲਾਵਾ ਰਾਮ ਸ਼ਰਨ ਸੁਰਿੰਦਰ ਸਿੰਘ ਐਗਜੈਕਟਿਵ ਮੈਬਰਾਂ ਨੇ ਸੰਬੋਧਨ ਕੀਤਾ | ਅਖ਼ੀਰ ਵਿਚ ਪ੍ਰਧਾਨ ਜੋਗਿੰਦਰ ਸਿੰਘ ਨੇ ਸਨਮਾਨਿਤ ਹੋਣ ਵਾਲੇ ਵੀਰਾਂ ਤੇ ਭੈਣਾਂ ਨੂੰ ਵਧਾਈ ਦਿੱਤੀ |