ਫ਼ਰੀਦਕੋਟ, 19 ਦਸੰਬਰ (ਸਤੀਸ਼ ਬਾਗ਼ੀ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਮਾਜ ਸੇਵੀ ਅਰਸ਼ ਸੱਚਰ ਨੇ ਦੱਸਿਆ ਕਿ ਸਕੂਲ ਜਾਣ ਵਾਲੇ ਬੱਚਿਆਂ ਨੂੰ ਭਰੇ ਹੋਏ ਆਟੋ ਤੇ ਈ-ਰਿਕਸ਼ਾਵਾਂ ਵਿਚ ਲਿਜਾਣ ਦਾ ਮਸਲਾ ਹੁਣ ਉੱਚ ਪੱਧਰ ਤੱਕ ਪਹੁੰਚ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਗਈ ਸ਼ਿਕਾਇਤ ਹੁਣ ਐੱਸ.ਐੱਸ.ਪੀ. ਦਫ਼ਤਰ ਫ਼ਰੀਦਕੋਟ ਨੂੰ ਭੇਜ ਦਿੱਤੀ ਗਈ ਹੈ, ਜਿਸ ਨਾਲ ਸਕੂਲ ਪ੍ਰਬੰਧਨਾਂ ਤੇ ਗੈਰ-ਸੁਰੱਖਿਅਤ ਟਰਾਂਸਪੋਰਟ ਖਿਲਾਫ਼ ਸਖ਼ਤ ਕਾਰਵਾਈ ਦੀ ਸੰਭਾਵਨਾ ਬਣ ਗਈ ਹੈ | ਇਹ ਮਸਲਾ ਕਿਸੇ ਇਕ ਵਿਅਕਤੀ ਦਾ ਨਹੀਂ, ਸਗੋਂ ਫ਼ਰੀਦਕੋਟ ਦੇ ਹਰੇਕ ਮਾਪੇ ਅਤੇ ਹਰ ਬੱਚੇ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਨੇ ਕਿਹਾ ਕਿ ਹਰ ਮਾਪੇ ਆਪਣੇ ਬੱਚੇ ਨੂੰ ਸਕੂਲ ਭੇਜਦਿਆਂ ਇਹ ਭਰੋਸਾ ਕਰਦੇ ਹਨ ਕਿ ਉਹ ਸੁਰੱਖਿਅਤ ਰਹੇਗਾ, ਪਰ ਅੱਜ ਬੱਚਿਆਂ ਨੂੰ ਸਮਰੱਥਾ ਤੋਂ ਦੁੱਗਣੇ ਭਰੇ ਵਾਹਨਾਂ 'ਚ ਬਿਠਾਇਆ ਜਾ ਰਿਹਾ ਹੈ | ਇਹ ਸਿੱਧਾ-ਸਿੱਧਾ ਬੱਚਿਆਂ ਦੀ ਜਾਨ ਨਾਲ ਖਿਲਵਾੜ ਹੈ | ਅਰਸ਼ ਸੱਚਰ ਨੇ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਸਕੂਲ ਪ੍ਰਬੰਧਨਾਂ ਨੂੰ ਬੱਚਿਆਂ ਦੀ ਆਵਾਜਾਈ ਲਈ ਸਿੱਧੀ ਜ਼ਿੰਮੇਵਾਰੀ ਹੇਠ ਲਿਆਉਣਾ ਅਤੇ ਭਵਿੱਖ ਵਿਚ ਕਿਸੇ ਵੀ ਅਣਹੋਣੀ ਤੋਂ ਪਹਿਲਾਂ ਰੋਕਥਾਮੀ ਕਾਰਵਾਈ ਕਰਵਾਉਣਾ ਹੈ |