ਫ਼ਰੀਦਕੋਟ, 19 ਦਸੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲ੍ਹੇ ਅੰਦਰ ਅਪਰਾਧਿਕ ਤੱਤਾਂ ਤੇ ਨਸ਼ਾ ਤਸਕਰਾਂਂਖਿਲਾਫ਼ ਇਕ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ | ਇਸੇ ਤਹਿਤ ਇਕ ਹੋਰ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਸੀ.ਆਈ.ਏ ਸਟਾਫ਼ ਜੈਤੋ ਵਲੋਂ ਇੱਕ ਡਰੱਗ-ਅਸਲਾ ਮਡਿਊਲ ਵਿਚ ਸ਼ਾਮਿਲ 02 ਦੋਸ਼ੀਆਂ ਨੂੰ ਇਕ ਨਾਜਾਇਜ਼ ਅਸਲੇ ਤੇ 10 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਅਵਤਾਰ ਸਿੰਘ ਡੀ.ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਨੇ ਦੱਸਿਆ ਕਿ ਗਿ੍ਫ਼ਤਾਰ ਦੋਸ਼ੀਆਂ ਦੀ ਪਹਿਚਾਣ ਪ੍ਰੀਤ ਸਿੰਘ ਉਰਫ ਗਗਨਦੀਪ ਤੇ ਅਰਬਾਜ ਖਾਨ ਉਰਫ ਨਿੱਕਾ ਵਜੋਂ ਹੋਈ ਹੈ, ਜੋ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਜੈਤੋ ਏਰੀਆ ਦੀ ਸਾਦਾ ਪੱਤੀ ਦੇ ਰਿਹਾਇਸ਼ੀ ਹਨ | ਪੁਲਿਸ ਪਾਰਟੀ ਵਲੋਂ ਦੋਸ਼ੀਆਂ ਪਾਸ ਮੌਕੇ ਪਰ ਮੌਜੂਦ ਬਜਾਜ ਸੀ.ਟੀ-100 ਮੋਟਰਸਾਈਕਲ ਵੀ ਕਬਜ਼ੇ ਵਿਚ ਲਿਆ ਗਿਆ ਹੈ | ਜਾਣਕਾਰੀ ਮੁਤਾਬਿਕ ਮਿਤੀ 18 ਦਸੰਬਰ ਨੂੰ ਥਾਣੇਦਾਰ ਚਰਨਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਜੈਤੋ ਦੀ ਨਿਗਰਾਨੀ ਹੇਠ ਹੌਲ. ਗੁਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ਦੇ ਸਬੰਧ 'ਚ ਲਿੰਕ ਰੋਡ ਦਬੜ੍ਹੀਖਾਨਾ ਮੌਜੂਦ ਸੀ ਤਾਂ ਲਿੰਕ ਰੋਡ ਪਰ ਕੱਚੀ ਪਟੜੀ ਪਾਸ ਇਹ ਦੋਨੇ ਵਿਅਕਤੀ ਕਾਲੇ ਰੰਗ ਦੇ ਮੋਟਰਸਾਈਕਲ ਪਾਸ ਖੜੇ੍ਹ ਦਿਖਾਈ ਦਿੱਤੇ, ਜਿਨ੍ਹਾਂ ਨੂੰ ਪੁਲਿਸ ਪਾਰਟੀ ਵਲੋਂ ਸ਼ੱਕ ਦੀ ਬਿਨਾਅ ਪਰ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਦੋਸ਼ੀਆਂ ਪਾਸੋ 10 ਗ੍ਰਾਮ ਹੋਰੋਇਨ ਅਤੇ 01 ਦੇਸੀ ਪਿਸਟਲ 32 ਬੋਰ ਸਮੇਤ 2 ਜਿੰਦ ਰੋਂਦ ਬਰਾਮਦ ਕੀਤੇ ਗਏ | ਇਸ ਸਬੰਧੀ ਥਾਣਾ ਜੈਤੋ ਵਿਖੇ ਐਨ.ਡੀ.ਪੀ.ਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਦੋਨੋਂ ਦੋਸ਼ੀ ਹੈਰੋਇਨ ਦੀ ਤਸਕਰੀ ਵਿਚ ਸ਼ਾਮਿਲ ਸਨ | ਉਕਤ ਮੁਕੱਦਮੇ 'ਚ ਗਿ੍ਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ |