ਸਾਦਿਕ, 19 ਦਸੰਬਰ (ਆਰ.ਐਸ.ਧੁੰਨਾ)-ਕੁੱਝ ਮਹੀਨੇ ਪਹਿਲਾਂ ਐਸ.ਬੀ.ਆਈ ਬੈਂਕ ਬਰਾਂਚ ਸਾਦਿਕ 'ਚ ਬੈਂਕ ਮੁਲਾਜ਼ਮ ਵਲੋਂ ਖਾਤਾਧਾਰਕਾਂ ਦੇ ਖਾਤਿਆਂ ਤੇ ਐਫ.ਡੀਆਂ ਨਾਲ ਛੇੜਛਾੜ ਕਰਕੇ ਕੀਤੇ ਗਏ ਕਰੋੜਾਂ ਰੁਪਏ ਦਾ ਮਾਮਲਾ ਹਾਲੇ ਤੱਕ ਪੂਰੀ ਤਰ੍ਹਾਂ ਨਾਲ ਸੁਲਝਿਆ ਨਹੀਂ ਹੈ ਤੇ ਠੱਗੀ ਦੇ ਸ਼ਿਕਾਰ ਕੱੁਝ ਲੋਕਾਂ ਦਾ ਰਹਿੰਦਾ ਪੈਸਾ ਵਾਪਸ ਦੁਆਉਣ ਲਈ ਕਿਰਤੀ ਕਿਸਾਨ ਯੂਨੀਅਨ ਵਲੋਂ ਸਮੇਂ ਸਮੇਂ 'ਤੇ ਤੇਜ ਸੰਘਰਸ਼ ਕੀਤਾ ਜਾ ਰਿਹਾ ਹੈ | ਕਿਰਤੀ ਕਿਸਾਨ ਯੂਨੀਅਨ ਵਲੋਂ ਲੰਘੀ 15 ਦਸੰਬਰ ਨੂੰ ਐਸ.ਬੀ.ਆਈ. ਬਰਾਂਚ ਸਾਦਿਕ ਦੇ ਮੂਹਰੇ ਧਰਨਾ ਦੇ ਕੇ ਬੈਂਕ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ 19 ਦਸੰਬਰ ਤੱਕ ਠੱਗੀ ਦੇ ਸ਼ਿਕਾਰ ਲੋਕਾਂ ਦਾ ਪੈਸਾ ਵਾਪਸ ਨਾ ਕੀਤਾ ਗਿਆ ਤਾਂ ਕਿਰਤੀ ਕਿਸਾਨ ਯੂਨੀਅਨ ਬੈਂਕ ਨੂੰ ਜਿੰਦਰਾ ਲਾ ਕੇ ਬਾਹਰ ਪੱਕੇ ਤੌਰ 'ਤੇ ਧਰਨਾ ਦੇਵੇਗੀ | ਅੱਜ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਤੇ ਠੱਗੀ ਦੇ ਸ਼ਿਕਾਰ ਲੋਕਾਂ ਨੇ ਫ਼ਿਰ ਤੋਂ ਬੈਂਕ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਤੇ ਦੁਪਹਿਰ ਬਾਅਦ ਬੈਂਕ ਨੂੰ ਜਿੰਦਰਾ ਲਾ ਕੇ ਬੰਦ ਕਰਨ ਦੀ ਚੇਤਾਵਨੀ ਦਿੱਤੀ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਰਾਜਿੰਦਰ ਸਿੰਘ ਕਿੰਗਰਾ, ਗੁਰਮੀਤ ਸਿੰਘ ਸੰਗਰਾਹੂਰ ਬਲਾਕ ਪ੍ਰਧਾਨ, ਡਾ. ਕੁਲਵਿੰਦਰ ਸਿੰਘ ਬੀਹਲੇਵਾਲਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਬੈਂਕ ਵਲੋਂ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਪੂਰੀ ਰਕਮ ਵਾਪਸ ਕਰਨ ਦੀ ਬਜਾਏ ਕੁਝ ਰਕਮ ਦੇ ਕੇ ਐਫੀਡੇਵਿਟ ਪੂਰੇ ਪੈਸਿਆਂ ਦਾ ਲਿਆ ਜਾ ਰਿਹਾ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ ਤੇ ਲੋਕ ਗੁੱਸੇ ਨਾਲ ਭਰੇ ਪਏ ਹਨ, ਕਿਉਂਕਿ ਲੋਕਾਂ ਵਲੋਂ ਆਪਣੀ ਮਿਹਨਤ ਦੀ ਕਮਾਈ ਸੁਰੱਖਿਅਤ ਰੱਖਣ ਲਈ ਬੈਂਕ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ | ਇਸ ਮੌਕੇ ਬੈਂਕ ਅਧਿਕਾਰੀਆਂ ਨੇ ਧਰਨੇ 'ਚ ਬੈਠੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਅਤੇ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਵਿਸ਼ਵਾਸ ਦੁਆਉਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਦਾ ਰਹਿੰਦਾ ਪੈਸਾ ਆਈਆਂ ਹੋਈਆਂ ਐਪਲੀਕੇਸ਼ਨਾਂ ਦੀ ਦੁਬਾਰਾ ਜਾਂਚ ਕਰਕੇ ਬੈਂਕ ਵਲੋਂ 1 ਫ਼ਰਵਰੀ 2026 ਤੱਕ ਉਨ੍ਹਾਂ ਦੇ ਖਾਤਿਆਂ ਵਿਚ ਪਾ ਦਿੱਤਾ ਜਾਵੇਗਾ | ਇਸ ਮੌਕੇ ਧਰਨੇ 'ਚ ਬੈਠੇ ਠੱਗੀ ਦੇ ਸ਼ਿਕਾਰ ਲੋਕਾਂ ਨੇ ਬੈਂਕ ਅਧਿਕਾਰੀਆਂ ਕੋਲ ਆਪਣੇ ਗੁੱਸੇ ਦੀ ਭੜਾਸ ਕੱਢਦਿਆਂ ਰੋਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਲਈ ਬੈਂਕ ਵਿਚ ਆਪਣੀ ਪੰੂਜੀ ਜਮ੍ਹਾਂ ਕਰਵਾਈ ਸੀ ਅਤੇ ਹੁਣ ਜੇਕਰ ਉਨ੍ਹਾਂ ਦੇ ਪੂਰੇ ਪੈਸੇ ਵਾਪਸ ਨਾ ਕੀਤੇ ਗਏ ਤਾਂ ਉਹ ਗਲਤ ਕਦਮ ਚੁੱਕਣ ਲਈ ਮਜ਼ਬੂਰ ਹੋਣਗੇ, ਜਿਸ ਦੀ ਜ਼ੁੰਮੇਵਾਰੀ ਬੈਂਕ ਦੀ ਹੋਵੇਗੀ | ਇਸ ਮੌਕੇ ਜਸਕਰਨ ਸਿੰਘ ਸੰਗਰਾਹੂਰ, ਡਾ. ਭੁਪਿੰਦਰ ਕਿੰਗਰਾ, ਗੁਰਜੀਤ ਸਿੰਘ ਦੀਪ ਸਿੰਘ ਵਾਲਾ, ਨਿਸ਼ਾਨ ਸਿੰਘ ਦੀਪ ਸਿੰਘ ਵਾਲਾ, ਬਲਵਿੰਦਰ ਸਿੰਘ ਡੋਡ, ਲਖਵਿੰਦਰ ਸਿੰਘ ਦੀਪ ਸਿੰਘ ਵਾਲਾ, ਮੱਖਣ ਸਿੰਘ ਕਿੰਗਰਾ, ਸੁਖਪ੍ਰੀਤ ਸਿੰਘ ਕਾਉਣੀ, ਨਛੱਤਰ ਸਿੰਘ ਕਾਉਣੀ, ਠਾਣਾ ਸਿੰਘ ਪਿੰਡੀ ਬਲੋਚਾਂ, ਤਰਲੋਚਨ ਸਿੰਘ ਕਿੰਗਰਾ, ਜੋਗਿੰਦਰ ਸਿੰਘ ਕਾਉਣੀ ਆਦਿ ਹਾਜ਼ਰ ਸਨ |