ਬਰਗਾੜੀ, 19 ਦਸੰਬਰ (ਲਖਵਿੰਦਰ ਸ਼ਰਮਾ)-ਸਾਬਕਾ ਵਿਧਾਇਕ ਤੇ ਵਿਧਾਨ ਸਭਾ ਹਲਕਾ ਜੈਤੋ ਤੋਂ ਅਕਾਲੀ ਦਲ ਦੇ ਸਾਬਕਾ ਹਲਕਾ ਇੰਚਾਰਜ ਜੋ ਹੁਣ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਕੇ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਸ. ਪ੍ਰਕਾਸ਼ ਸਿੰਘ ਭੱਟੀ ਨੇ ਕਿਹਾ ਕਿ ਚੋਣਾਂ ਸਮੇਂ ਪੰਜਾਬ 'ਚ ਮੌਕੇ ਦੀਆਂ ਸਰਕਾਰਾਂ ਵਲੋਂ 19 ਤੋਂ 21 ਪ੍ਰਤੀਸ਼ਤ ਧੱਕਾ ਹੁੰਦਾ ਤਾਂ ਸੁਣਿਆ ਸੀ ਪਰ ਇਸ ਸਰਕਾਰ ਵਲੋਂ ਇਨ੍ਹਾਂ ਚੋਣਾਂ 'ਚ 19 ਤੋਂ 81 ਪ੍ਰਤੀਸ਼ਤ ਧੱਕਾ ਪਹਿਲੀ ਵਾਰ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਪੰਜਾਬ 'ਚ ਬਹੁਤ ਸਾਰੀਆਂ ਥਾਵਾਂ 'ਤੇ ਵਿਰੋਧੀਆਂ ਦੇ ਕਾਗਜ਼ ਰੱਦ ਕਰਵਾਏ ਗਏ ਤੇ ਹੁਣ ਵੋਟਾਂ ਦੀ ਗਿਣਤੀ ਸਮੇਂ ਬਹੁਤ ਸਾਰਾ ਸਮਾਂ ਵਿਰੋਧੀ ਪੋਲਿੰਗ ਏਜੰਟਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਗਿਆ | ਕੁੱਝ ਥਾਵਾਂ 'ਤੇ ਤਾਂ ਚੱਲਦੀ ਗਿਣਤੀ ਦੌਰਾਨ ਵਿਰੋਧੀ ਪੋਲਿੰਗ ਏਜੰਟਾਂ ਨੂੰ ਗਿਣਤੀ ਕੇਂਦਰਾਂ ਵਿਚੋਂ ਬਾਹਰ ਕੱਢ ਦਿੱਤਾ ਗਿਆ | ਇਸ ਸਰਕਾਰ ਨੇ ਇੰਨ੍ਹਾਂ ਚੋਣਾਂ 'ਚ ਜਿੰਨੀਆਂ ਵੀ ਸੀਟਾਂ ਜਿੱਤੀਆਂ ਹਨ, ਉਨ੍ਹਾਂ ਵਿਚ ਬਹੁ ਗਿਣਤੀ ਸੀਟਾਂ ਹੇਰਾ ਫੇਰੀ ਤੇ ਧੱਕੇਸ਼ਾਹੀ ਨਾਲ ਹੀ ਜਿੱਤੀਆਂ ਹਨ | ਪੰਜਾਬ ਦੇ ਲੋਕ ਇਸ ਸਰਕਾਰ ਦੀ ਡਰਾਮੇਬਾਜ਼ੀ ਤੇ ਚੁਟਕਲਿਆਂ ਵਾਲਾ ਰਾਜ ਦੇਖ ਚੁੱਕੇ ਹਨ | ਪੰਜਾਬ ਦੇ ਲੋਕ ਹੁਣ ਫਿਰ ਤੋਂ ਧਰਮ ਨਿਰਪੱਖ ਤੇ ਭਾਈਚਾਰਕ ਸਾਂਝ ਦੀ ਪ੍ਰਤੀਕ ਕਾਂਗਰਸ ਪਾਰਟੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ |