ਬਰਗਾੜੀ, 29 ਦਸੰਬਰ (ਸੁਖਰਾਜ ਸਿੰਘ ਗੋਂਦਾਰਾ)-ਪਿੰਡ ਬੁਰਜ ਹਰੀਕਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ-ਛਾਇਆ ਹੇਠ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ 'ਚ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸਵੇਰ ਸਮੇਂ ਗੁਰੂ ਚਰਨਾਂ 'ਚ ਨਗਰ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕਰਨ ਉਪਰੰਤ ਸ਼ੁਰੂਆਤ ਹੋਈ | ਇਸ ਮੌਕੇ ਢਾਡੀ, ਕਵੀਸ਼ਰ ਤੇ ਕੀਰਤਨੀ ਜਥਿਆਂ ਵਲੋਂ ਸੰਗਤ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਗੁਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਦੀ ਸਿੱਖ ਕੌਮ ਨੂੰ ਆਪਣੀਆਂ ਜਾਨਾਂ ਵਾਰ ਕੇ ਬਖਸ਼ੀਆਂ ਸਰਦਾਰੀਆਂ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ | ਨਗਰ ਕੀਰਤਨ ਦਾ ਪਿੰਡ ਦੀਆਂ ਵੱਖ-ਵੱਖ ਥਾਵਾਂ 'ਤੇ ਸੰਗਤ ਵਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ | ਪਿੰਡ ਨਿਵਾਸੀਆਂ ਵਲੋਂ ਸੰਗਤ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏੇ | ਨੰਬਰਦਾਰ ਸ਼ਮਸ਼ੇਰ ਸਿੰਘ ਦੇ ਪਰਿਵਾਰ ਵਲੋਂ ਹਰ ਸਾਲ ਦੀ ਤਰ੍ਹਾਂ ਪੀਜ਼ੇ ਦਾ ਲੰਗਰ ਲਗਾਇਆ ਗਿਆ | ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆਂ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ |