ਸ੍ਰੀ ਮੁਕਤਸਰ ਸਾਹਿਬ, 29 ਦਸੰਬਰ (ਰਣਜੀਤ ਸਿੰਘ ਢਿੱਲੋਂ)-343 ਮਨੋਵਿਗਿਆਨੀਆਂ ਦੀ ਭਰਤੀ ਲਈ ਅਪ੍ਰੈਲ ਮਹੀਨੇ ਵਿਚ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਇਸ ਮਗਰੋਂ ਪੂਰੀ ਭਰਤੀ ਪ੍ਰਕਿਰਿਆ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵਲੋਂ ਕੀਤੀ ਗਈ ਸੀ | ਲਿਖ਼ਤੀ ਪ੍ਰੀਖਿਆ ਤੋਂ ਬਾਅਦ ਦਸਤਾਵੇਜ਼ ਤਸਦੀਕ ਪ੍ਰਕਿਰਿਆ ਚੱਲ ਰਹੀ ਸੀ | ਉਸ ਸਮੇਂ ਦਰਮਿਆਨ ਹੀ ਸਰਕਾਰ ਨੇ ਭਰਤੀ ਰੱਦ ਕਰ ਦਿੱਤੀ ਤੇ ਆਊਟਸੋਰਸਿੰਗ ਰਾਹੀਂ 200 ਮਨੋਵਿਗਿਆਨੀਆਂ ਦੀ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਵੱਲ ਅੱਗੇ ਵਧਿਆ ਗਿਆ | ਇਸ ਦੌਰਾਨ ਹੀ ਜਿਨ੍ਹਾਂ ਮਨੋਵਿਗਿਆਨਿਕਾਂ ਦੀ ਚੋਣ ਹੋਈ ਸੀ ਤੇ ਨਿਯੁਕਤੀ ਪੱਤਰ ਦੀ ਉਡੀਕ ਕਰ ਰਹੇ ਸਨ, ਉਨ੍ਹਾਂ ਉਮੀਦਵਾਰਾਂ ਨੇ ਮਾਣਯੋਗ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ, ਜਿਸ 'ਚ ਮਾਣਯੋਗ ਅਦਾਲਤ ਨੇ ਸਪੱਸ਼ਟ ਕੀਤਾ ਕਿ ਅਗਲੀ ਸੁਣਵਾਈ ਤੱਕ ਕੋਈ ਨਿਯੁਕਤੀ ਨਹੀਂ ਕੀਤੀ ਜਾਵੇਗੀ | ਪਹਿਲਾਂ ਵਾਲੀ ਭਰਤੀ ਪ੍ਰਕਿਰਿਆ ਵਿਚ ਜੋ ਆਪਣੀ ਦਸਤਾਵੇਜ਼ੀ ਸਾਰੀ ਪ੍ਰਕਿਰਿਆ ਪੂਰੀ ਕਰ ਚੁੱਕੇ ਸਨ, ਉਨ੍ਹਾਂ ਉਮੀਦਵਾਰਾਂ ਨੇ ਮੰਗ ਕੀਤੀ ਕਿ ਉਨ੍ਹਾਂ 343 ਮਨੋਵਿਗਿਆਨੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ |