ਸ੍ਰੀ ਮੁਕਤਸਰ ਸਾਹਿਬ, 30 ਦਸੰਬਰ (ਹਰਮਹਿੰਦਰ ਪਾਲ)-ਅਗਸਤ ਮਹੀਨੇ ਵਿਚ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਦੀ ਉਸਾਰੀ ਲਈ ਨਗਰ ਕੌਂਸਲ ਵਿਚ 2.84 ਕਰੋੜ 39 ਹਜ਼ਾਰ ਰੁਪਏ ਦੇ ਮਤੇ ਪਾਸ ਕੀਤੇ ਗਏ ਸਨ | ਇਸ ਰਾਸ਼ੀ ਨਾਲ ਪੰਜ ਸੜਕਾਂ ਦੀ ਉਸਾਰੀ ਹੋਣੀ ਸੀ ਪਰ ਹਾਲੇ ਤੱਕ ਕੇਵਲ ਦੋ ਸੜਕਾਂ ਬਠਿੰਡਾ ਰੋਡ ਬਾਈਪਾਸ (ਡੀ.ਸੀ. ਦਫ਼ਤਰ ਰੋਡ) ਅਤੇ ਸਿਵਲ ਹਸਪਤਾਲ ਦੀ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ ਹੈ | ਜਲਾਲਾਬਾਦ ਰੋਡ, ਬੂੜਾ ਗੁੱਜਰ ਰੋਡ ਅਤੇ ਬਰਕੰਦੀ ਰੋਡ ਦਾ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋਇਆ ਹੈ | ਜਲਾਲਾਬਾਦ ਰੋਡ ਦੀ ਸਥਿਤੀ ਸਭ ਤੋਂ ਖ਼ਰਾਬ ਹੈ, ਜਿੱਥੇ ਵੱਡੇ-ਵੱਡੇ ਖੱਡੇ ਬਣ ਚੁੱਕੇ ਹਨ, ਜਿਸ ਨਾਲ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਇਸ ਰੋਡ 'ਤੇ ਰੇਿਲੰਗ ਦੀ ਘਾਟ ਵੀ ਹੈ, ਜਿਸ ਨਾਲ ਧੁੰਦ ਦੌਰਾਨ ਸੜਕ ਹਾਦਸੇ ਦਾ ਖ਼ਤਰਾ ਵਧ ਜਾਂਦਾ ਹੈ | ਜਲਾਲਾਬਾਦ ਰੋਡ ਨੂੰ ਲੈ ਕੇ ਰੋਡ ਸੇਫ਼ਟੀ ਦੀ ਮੀਟਿੰਗ ਵਿਚ ਹਰ ਵਾਰ ਮੁੱਦਾ ਚੁੱਕਿਆ ਜਾਂਦਾ ਹੈ, ਪਰ ਇਸ 'ਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ | ਉਧਰ ਹੁਣ ਮਾਘੀ ਮੇਲਾ ਸ਼ੁਰੂ ਹੋਣ ਨੂੰ ਕੁਝ ਦਿਨ ਬਚੇ ਹਨ | ਦੇਸ਼-ਵਿਦੇਸ਼ ਤੋਂ ਸੰਗਤ ਚਾਲੀ ਮੁਕਤਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਸ੍ਰੀ ਮੁਕਤਸਰ ਸਾਹਿਬ ਆਵੇਗੀ, ਜਿੱਥੇ ਖੱਡਿਆਂ ਨਾਲ ਭਰੀ ਸੜਕ ਵਿਚੋਂ ਲੰਘਣਾ ਪਵੇਗਾ | ਦੱਸਣਯੋਗ ਹੈ ਕਿ ਨਗਰ ਕੌਂਸਲ ਨੇ ਸ਼ਹਿਰ ਦੇ ਬੂੜਾ ਗੁੱਜਰ ਰੋਡ ਰੇਲਵੇ ਰੋਡ ਦੇ ਨਿਰਮਾਣ ਕੰਮ 'ਤੇ 97.71 ਲੱਖ, ਸਿਵਲ ਹਸਪਤਾਲ ਰੋਡ, ਬਠਿੰਡਾ ਰੋਡ ਵਾਰਡ ਨੰਬਰ ਚਾਰ ਵਿਚ ਇੰਟਰਲਾਕਿੰਗ ਟਾਇਲ ਵਿਛਾਉਣ ਦੇ ਕੰਮ, ਬਰਕੰਦੀ ਰੋਡ ਤੋਂ ਭਾਈ ਮਹਾਂ ਸਿੰਘ ਮਾਰਗ ਤੱਕ ਰੋਡ ਦੀ ਉਸਾਰੀ 'ਤੇ 68.48 ਲੱਖ ਰੁਪਏ, ਕੋਟਲੀ ਰੋਡ (ਮਿਸ਼ਨ ਹਸਪਤਾਲ ਤੋਂ ਮਾਇਨਰ ਤੱਕ) 'ਤੇ 49.40 ਲੱਖ, ਜਲਾਲਾਬਾਦ ਰੋਡ ਫਾਟਕ ਤੋਂ ਮੌੜ ਰੋਡ ਫਾਟਕ ਤੱਕ (ਫ਼ੈਕਟਰੀ ਰੋਡ) ਦੀ ਉਸਾਰੀ 'ਤੇ 33.06 ਲੱਖ ਅਤੇ ਬੂਟਾ ਸਿੰਘ ਢਾਣੀ ਗਲੀ ਵਾਰਡ ਨੰਬਰ ਚਾਰ ਵਿਚ ਇੰਟਰਲਾਕਿੰਗ ਟਾਇਲ ਵਿਛਾਉਣ ਦੇ ਕੰਮ 'ਤੇ 37.74 ਲੱਖ ਰੁਪਏ ਖ਼ਰਚ ਕੀਤੇ ਜਾਣਗੇ | ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਆਵਾਜਾਈ ਵਿਚ ਸੁਧਾਰ ਹੋਵੇਗਾ ਅਤੇ ਰਾਹਗੀਰਾਂ ਨੂੰ ਖੱਡਿਆਂ ਤੋਂ ਰਾਹਤ ਮਿਲੇਗੀ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਅੱਗੇ ਮਾਘੀ ਮੇਲਾ ਆ ਰਿਹਾ ਹੈ ਅਤੇ ਸੜਕਾਂ ਦੀ ਖ਼ਸਤਾ ਹਾਲਤ ਸ਼ਰਧਾਲੂਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇਗੀ | ਜਲਾਲਾਬਾਦ ਰੋਡ ਦੀ ਤੁਰੰਤ ਮੁਰੰਮਤ ਦੀ ਮੰਗ ਕਰਦੇ ਹੋਏ ਸ਼ਹਿਰ ਵਾਸੀ ਅਸ਼ੋਕ ਮਹਿੰਦਰਾ, ਨਰਿੰਦਰ ਸੰਧੂ, ਜਸਪ੍ਰੀਤ ਛਾਬੜਾ ਤੇ ਜਗਦੀਸ਼ ਰਾਏ ਢੋਸੀਵਾਲ ਨੇ ਕਿਹਾ ਕਿ ਜਲਾਲਾਬਾਦ ਰੋਡ ਦੀ ਸਥਿਤੀ ਬੇਹੱਦ ਖ਼ਰਾਬ ਹੈ | ਵੱਡੇ ਖੱਡੇ ਰਾਹਗੀਰਾਂ ਲਈ ਖ਼ਤਰਾ ਬਣੇ ਹੋਏ ਹਨ | ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਜਿਨ੍ਹਾਂ ਸੜਕਾਂ ਦੇ ਟੈਂਡਰ ਲੱਗ ਚੁੱਕੇ ਹਨ, ਉਨ੍ਹਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ | ਸਾਰੀਆਂ ਸੜਕਾਂ ਦਾ ਨਿਰਮਾਣ ਹੋਵੇਗਾ |