ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)-ਕੈਪਟਨ ਹਰਚਰਨ ਸਿੰਘ ਰੋਡੇ ਇਕ ਮਹਾਨ ਗੁਰਸਿੱਖ, ਦਲੇਰ ਤੇ ਚੜ੍ਹਦੀ ਕਲਾਂ ਵਾਲੇ ਸੱਚੇ ਸੁੱਚੇ ਇਨਸਾਨ ਸਨ | ਉਨ੍ਹਾਂ ਦੇ ਗੁਰਸਿੱਖੀ, ਫ਼ੌਜ ਵਿਚ ਭਰਤੀ ਤੇ ਵਿਆਹ ਕਰਵਾਉਣ ਦੇ ਕਾਰਜਾਂ ਵਿਚ ਅਹਿਮ ਯੋਗਦਾਨ ਮਹਾਨ ਸਵਤੰਤਰਤਾ ਸੰਗਰਾਮੀ ਸੰਤ ਬਾਬਾ ਕਿਰਪਾਲ ਸਿੰਘ ਰੋਡਿਆਂ ਵਾਲਿਆਂ ਨੇ ਪਾਇਆ | ਉਹ ਹਮੇਸ਼ਾ ਕਿਹਾ ਕਰਦੇ ਸਨ ਕਿ ਬਾਬਾ ਜੋਗਿੰਦਰ ਸਿੰਘ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸੰਤ ਬਾਬਾ ਕਿਰਪਾਲ ਸਿੰਘ ਰੋਡੇ ਵਾਲਿਆਂ ਦੀ ਪ੍ਰੇਰਨਾ ਸਦਕਾ ਗੁਰਸਿੱਖੀ ਤੇ ਕੌਮ ਦੀ ਸੇਵਾ ਵਾਲਾ ਰਸਤਾ ਪ੍ਰਾਪਤ ਹੋਇਆ ਹੈ | ਸੰਤ ਕਿਰਪਾਲ ਸਿੰਘ ਰੋਡੇ ਵਾਲਿਆਂ ਦੀ ਸਮੁੱਚੇ ਪਰਿਵਾਰ ਨੇ ਉਨ੍ਹਾਂ ਦੇ ਚਲੇ ਜਾਣ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਕੌਮ ਲਈ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਡਾ. ਜਸਵਿੰਦਰ ਸਿੰਘ ਬਰਾੜ ਸਟੇਟ ਅਵਾਰਡੀ ਨੇ ਕਿਹਾ ਕਿ ਉਹ ਇਕ ਲੋਹ ਪੁਰਸ਼ ਸਨ ਜਿਨ੍ਹਾਂ ਨੇ ਭਾਰਤੀ ਫ਼ੌਜ ਵਲੋਂ ਸ਼ਹੀਦ ਕੀਤੇ ਕੌਮ ਦੇ ਹੀਰੋ ਤੇ ਆਪਣੇ ਭਰਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਜੂਨ 1984 ਵਿਚ ਸ਼ਹੀਦ ਹੁੰਦਿਆਂ ਦੇਖਿਆ ਤੇ ਪ੍ਰਮਾਤਮਾ ਦਾ ਭਾਣਾ ਮਿੱਠਾ ਕਰ ਕੇ ਮੰਨਦਿਆਂ ਆਪਣੇ ਮਨ ਨੂੰ ਅਡੋਲ ਰੱਖਿਆ ਤੇ ਕੌਮ ਦੀ ਸੇਵਾ ਲੱਕ ਬੰਨ੍ਹ ਕੇ ਕੀਤੀ |