ਨਿਹਾਲ ਸਿੰਘ ਵਾਲਾ, 2 ਨਵੰਬਰ (ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਮੋਗਾ ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ | ਸਾਲਾਨਾ ਖੇਡ ਸਮਾਗਮ ਦੋ ਦਿਨ ਚੱਲਿਆ ਜਿਸ 'ਚ ਪਹਿਲੇ ਦਿਨ ਕਲਾਸ ਨਰਸਰੀ ਤੋਂ ਦੂਸਰੀ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿਚ ਨੰਨੇ ਮੁੰਨੇ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ | ਜਿਸ 'ਚ ਤਿੰਨ ਪੈਰਾਂ ਵਾਲੀ ਦੌੜ, ਨਿੰਬੂ ਸਪੂਨ ਦੌੜ, ਬੋਰੀ ਦੌੜ, ਹਰਡਲ, ਰਿਲੇਅ ਦੌੜ, 50 ਮੀਟਰ ਦੌੜ, 100 ਮੀਟਰ ਦੌੜ 'ਚ ਸਾਰੇ ਹੀ ਨੰਨੇ ਮੁੰਨੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਦੂਸਰੇ ਦਿਨ ਤੀਸਰੀ ਤੋਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਗਤੀਵਿਧੀਆਂ 'ਚ ਭਾਗ ਲਿਆ | ਇਸ ਮੌਕੇ ਵਿਦਿਆਰਥੀਆਂ ਨੇ ਲੰਬੀ ਛਾਲ, ਉੱਚੀ ਛਾਲ, 200 ਮੀਟਰ, 400 ਮੀਟਰ, 800 ਮੀਟਰ ਦੌੜ, ਡਿਸਕਸ ਥਰੋਅ, ਸ਼ਾਟ ਪੁੱਟ, ਰਿਲੇਅ ਦੌੜ ਆਦਿ 'ਚ ਆਪਣੀ ਖੇਡ ਰੁਚੀ ਦੇ ਮੁਤਾਬਿਕ ਭਾਗ ਲਿਆ | ਇਸ ਮੌਕੇ ਮੌਜੂਦ ਸਕੂਲ ਪ੍ਰਧਾਨ ਚਰਨ ਸਿੰਘ, ਚੇਅਰਮੈਨ ਯੋਗਿੰਦਰ ਸ਼ਰਮਾ, ਪਿ੍ੰਸੀਪਲ ਕੁੰਜੂਮੋਲ ਜੋਅ ਤੇ ਵਾਈਸ ਪਿ੍ੰਸੀਪਲ ਜਸਮੇਲ ਸਿੰਘ ਨੇ ਸਾਲਾਨਾ ਖੇਡ ਸਮਾਗਮ ਦਾ ਉਦਘਾਟਨ ਕੀਤਾ | ਇਸ ਮੌਕੇ ਵਿਦਿਆਰਥੀਆਂ ਦੁਆਰਾ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ ਗਏ | ਸਮਾਗਮ ਦੇ ਅੰਤ 'ਚ ਜੇਤੂ ਵਿਦਿਆਰਥੀਆਂ ਨੂੰ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ |