ਸ੍ਰੀ ਮੁਕਤਸਰ ਸਾਹਿਬ, 2 ਨਵੰਬਰ (ਰਣਜੀਤ ਸਿੰਘ ਢਿੱਲੋਂ)-ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ 'ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਸਜੇ ਹੋਏ ਦੀਵਾਨ ਅੰਦਰ ਸ਼ਬਦ ਕੀਰਤਨ ਕੀਤੇ ਗਏ | ਸਮਾਗਮ ਵਿਚ ਨਰਸਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ਵਲੋਂ ਧਾਰਮਿਕ ਵਿਦਿਆ, ਦੇਸ਼ ਭਗਤੀ ਤੇ ਸਮਾਜ ਸੁਧਾਰ ਦੇ ਵਿਸ਼ਿਆਂ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਕੋਰੀਓਗ੍ਰਾਫ਼ੀਆਂ ਤੇ ਨਾਟਕ ਪੇਸ਼ ਕੀਤੇ ਗਏ | ਸਕੂਲ ਦੀ ਨੈਸ਼ਨਲ ਪੱਧਰ ਦੀ ਗੱਤਕਾ ਟੀਮ ਨੇ ਗੱਤਕੇ ਦੇ ਪ੍ਰਦਰਸ਼ਨ ਕੀਤੇ | ਪਿ੍ੰਸੀਪਲ ਸਿੰਬਲਪ੍ਰੀਤ ਕੌਰ ਗਰੇਵਾਲ ਨੇ ਵਿਦਿਅਕ ਖੇਤਰ, ਖੇਡਾਂ ਤੇ ਕਲਾਤਮਿਕ ਗਤੀਵਿਧੀਆਂ ਆਦਿ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਤੇ ਭਵਿੱਖ 'ਚ ਹੋਰ ਮਿਹਨਤ ਕਰਕੇ ਸ਼ਖ਼ਸੀਅਤ ਸੰਵਾਰਨ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਵਿਚ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਉਨ੍ਹਾਂ ਬਾਣੀ ਬਾਣੇ ਨਾਲ ਜੁੜ ਕੇ ਗੁਰੂ ਸਾਹਿਬ ਦੇ ਨਕਸ਼ੇ ਕਦਮਾਂ 'ਤੇ ਚੱਲਣ ਦੀ ਬੇਨਤੀ ਕੀਤੀ | ਇਸ ਮੌਕੇ ਸਮੂਹ ਸੰਗਤ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |