ਫ਼ਰੀਦਕੋਟ, 5 ਦਸੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸੁੱਖਣ ਵਾਲਾ ਵਿਖੇ ਇਕ ਲੜਕੀ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਚੋਰੀ ਦੀ ਵਾਰਦਾਤ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ | ਇਸ ਤੋਂ ਬਾਅਦ ਲਗਾਤਾਰ ਪਰਿਵਾਰ ਵਲੋਂ ਇਲਜ਼ਾਮ ਲਗਾਏ ਜਾ ਰਹੇ ਸਨ ਕਿ ਇਨ੍ਹਾਂ ਦੋਹਾਂ ਦੇ ਨਾਲ ਕਿਸੇ ਹੋਰ ਦੀ ਵੀ ਮਿਲੀ ਭੁਗਤ ਹੋ ਸਕਦੀ ਹੈ ਜੋ ਇਸ ਹੱਤਿਆਕਾਂਡ ਵਿਚ ਸ਼ਾਮਿਲ ਸੀ ਜਿਸ ਦੀ ਗਿ੍ਫ਼ਤਾਰੀ ਤੱਕ ਉਹ ਗੁਰਵਿੰਦਰ ਸਿੰਘ ਦਾ ਅੰਤਿਮ ਸਸਕਾਰ ਨਹੀਂ ਕਰਨਗੇ | ਪੁਲਿਸ ਵਲੋਂ ਇਸ ਮਾਮਲੇ ਵਿਚ ਤਿੰਨ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ | ਪੁਲਿਸ ਦੀ ਅਪੀਲ ਤੋਂ ਬਾਅਦ ਪਰਿਵਾਰ ਵਲੋਂ ਗੁਰਵਿੰਦਰ ਸਿੰਘ ਦਾ ਅੰਤਿਮ ਸਸਕਾਰ ਕਰਨ ਦੀ ਸਹਿਮਤੀ ਜਤਾਈ ਜਿਸ ਦਾ ਅੱਜ ਉਸਦੇ ਪਿੰਡ ਸੁੱਖਣ ਵਾਲਾ ਵਿਖੇ ਅੰਤਿਮ ਸਸਕਾਰ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਗੁਰਵਿੰਦਰ ਦੇ ਅੰਤਿਮ ਸਸਕਾਰ ਵਿਚ ਪੁੱਜੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਪਰਿਵਾਰ ਦੇ ਦੁੱਖ 'ਚ ਸ਼ਰੀਕ ਹੋਣ ਪੁੱਜੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਹ ਵਿਸ਼ਵਾਸ ਦਾ ਕਤਲ ਹੈ ਕਿਉਂਕਿ ਪਤਨੀ ਜਿਸ ਨੂੰ ਅਸੀਂ ਸ਼ਰਧਾਂਜਲੀ ਯਾਨੀ ਕਿ ਦੰਗ ਮੰਨਦੇ ਹਾਂ ਜੇਕਰ ਉਸ ਵਲੋਂ ਹੀ ਅਜਿਹਾ ਘਟੀਆ ਕਾਰਾ ਕੀਤਾ ਜਾਂਦਾ ਤਾਂ ਸਮਾਜ ਵਿਚ ਇਹ ਕਲੰਕ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਪਰਿਵਾਰ ਦੇ ਨਾਲ ਅਸੀਂ ਉਸਦੇ ਦੁੱਖ ਵਿਚ ਖੜੇ ਹਾਂ ਅਤੇ ਸਾਡੀ ਕੋਸ਼ਿਸ਼ ਰਹੇਗੀ ਕਿਤੇ ਜਲਦ ਤੋਂ ਜਲਦ ਫ਼ਾਸਟ ਟਰੈਕ ਅਦਾਲਤ ਵਿਚ ਇਸ ਦੀ ਸੁਣਵਾਈ ਕਰਵਾ ਕੇ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ | ਪੁਲਿਸ ਵਲੋਂ ਵੀ ਹਰ ਪਹਿਲੂ ਤੋਂ ਮੁਕੰਮਲ ਜਾਂਚ ਕਰਕੇ ਆਪਣੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾ ਸਕੇ |