ਚੰਡੀਗੜ੍ਹ, 1 ਜੂਨ (ਸੰਦੀਪ ਕੁਮਾਰ ਮਾਹਨਾ) ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਨੂੰ ਨਸ਼ਾ-ਮੁਕਤ ਕਰਨ ਦਾ ਵਾਅਦਾ ਕਰਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ (ਆਪ) ਸੂਬੇ 'ਚੋਂ ਨਸ਼ਿਆਂ ਨੂੰ ਖ਼ਤਮ ਕਰਨ 'ਚ ਨਾਕਾਮ ਰਹੀ ਹੈ | ਪੰਜਾਬ 'ਚ ਨਸ਼ਿਆਂ ਦੇ ਖ਼ਾਤਮੇ ਨੂੰ ਲੈ ਕੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸ਼ੁਰੂ ਤਾਂ 'ਆਪ' ਸਰਕਾਰ ਵਲੋਂ ਕੀਤੀ ਗਈ ਸੀ, ਪਰ ਇਸ ਦੇ ਫ਼ੇਲ੍ਹ ਹੋ ਜਾਣ 'ਤੇ ਮੁਹਿੰਮ ਦੀ ਸਮਾਪਤੀ ਡੀ.ਜੀ.ਪੀ. ਗੌਰਵ ਯਾਦਵ ਵਲੋਂ ਕੀਤੀ ਗਈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਅੱਜ ਚੰਡੀਗੜ੍ਹ ਵਿਖੇ ਕੀਤਾ | ਜੋਸ਼ੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਨਾਕਾਮ ਰਹੀ ਹੈ | ਇਸ ਦੀ ਮਿਸਾਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਘੋਸ਼ਣਾ ਕੀਤੀ, ਅਗਲੇ ਦਿਨ ਮੰਤਰੀ ਹਰਪਾਲ ਚੀਮਾ ਤੇ ਹੋਰ ਮੰਤਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਇਸ ਨੂੰ ਅੱਗੇ ਵਧਾਇਆ, ਪਰ ਜਦੋਂ ਮੁਹਿੰਮ ਖ਼ਤਮ ਹੋਈ ਤਾਂ ਪੰਜਾਬ ਪੁਲਿਸ ਦੇ ਡੀ.ਜੀ.ਪੀ. ਨੂੰ ਸਾਹਮਣੇ ਧੱਕ ਦਿੱਤਾ, ਕਿਉਂਕਿ ਸਭ ਨੂੰ ਪਤਾ ਸੀ ਕਿ ਨਸ਼ਾ ਖ਼ਤਮ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਨਸ਼ਿਆਂ ਦੇ ਖਾਤਮੇ ਲਈ ਤੈਅ ਕੀਤੀ 31 ਮਈ 2025 ਦੀ ਪੰਜਵੀਂ ਸਮਾਂ-ਹੱਦ ਵੀ ਲੰਘ ਗਈ, ਪਰ ਸੂਬੇ 'ਚ ਨਸ਼ੇ ਦੀ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹੋ ਗਈ ਹੈ | ਜ਼ਮੀਨੀ ਹਕੀਕਤ ਇਹ ਹੈ ਕਿ ਹੁਣ ਪੂਰੇ ਸੂਬੇ 'ਚ ਚਿੱਟਾ ਵਿੱਕ ਰਿਹਾ ਹੈ ਤੇ ਨਸ਼ਾ ਘਰ ਪਹੁੰਚਾਉਣ ਦੀ ਸੇਵਾ ਆਮ ਹੋ ਚੁੱਕੀ ਹੈ |
'ਆਪ' ਸਰਕਾਰ ਦੀ ਪੰਜਵੀਂ ਸਮਾਂ-ਹੱਦ ਵੀ ਲੰਘ ਗਈ, ਪਰ ਪੰਜਾਬ ਨਸ਼ਾ-ਮੁਕਤ ਨਹੀਂ ਹੋਇਆ-ਵਿਨੀਤ ਜੋਸ਼ੀ <br/>
ਅਜੀਤ ਡੈਸਕ
02-06-2025