ਆਰਟੀਫਿਸ਼ਲ ਇੰਟੈਲੀਜੈਂਸੀ 'ਤੇ ਅਗਲੇਰੀ ਖੋਜ ਲਈ ਜਾ ਰਿਹਾ ਹੈ ਦੁਬਈ
<br/>
ਸੰਗਰੂਰ, 1 ਜੂਨ (ਧੀਰਜ ਪਸ਼ੌਰੀਆ)- ਵਿਸ਼ਵ ਪੱਧਰੀ ਕੰਪਨੀ ਮਾਇਕ੍ਰੋਸਾਫਟ ਨੇ ਸੰਗਰੂਰ ਦੇ ਮਧੂਰ ਜਿੰਦਲ ਨੂੰ ਪਿਨਾਕਲ ਐਵਾਰਡ-2025 ਨਾਲ ਨਿਵਾਜਿਆ ਹੈ | ਆਈ.ਆਈ.ਟੀ ਮਦਰਾਸ ਤੋਂ 2023 ਵਿਚ ਡਾਟਾ ਸਾਇੰਸ ਵਿਚ ਮਾਸਟਰਜ਼ ਦੀ ਡਿਗਰੀ ਪੂਰੀ ਕਰਕੇ ਵਿਸ਼ਵ ਪੱਧਰੀ ਕੰਪਨੀ ਮਾਇਕ੍ਰੋਸਾਫਟ ਵਿਚ ਡਾਟਾ ਸਾਇੰਸਟਿਸਟ ਵਜੋਂ ਕੰਮ ਕਰਦਿਆਂ ਮਧੂਰ ਜਿੰਦਲ ਨੇ ਇਸੇ ਸਾਲ ਏ.ਆਈ. ਵਿਚ ਮਾਡਲ ਤਿਆਰ ਕਰ ਕੇ ਦੋ ਪੇਟੈਂਟ ਐਵਾਰਡ ਵੀ ਪ੍ਰਾਪਤ ਕੀਤੇ ਹਨ | ਉਪਰੋਕਤ ਐਵਾਰਡ ਵੱਖ-ਵੱਖ ਖੇਤਰਾਂ ਵਿਚ ਉੱਤਮਤਾ ਪ੍ਰਾਪਤੀ, ਨਵੀਨੀਕਰਨ ਨੂੰ ਮਾਨਤਾ ਦੇਣ ਲਈ ਪ੍ਰਦਾਨ ਕੀਤੇ ਜਾਂਦੇ ਹਨ | 'ਅਜੀਤ' ਨਾਲ ਗੱਲਬਾਤ ਕਰਦਿਆਂ ਜਿੰਦਲ ਪਰਿਵਾਰ ਦੇ ਇਸ ਰੌਸ਼ਨ ਦਿਮਾਗ਼ ਮਧੂਰ ਜਿੰਦਲ ਨੇ ਦੱਸਿਆ ਕਿ ਉਸ ਨੇ ਅੰਗਰੇਜ਼ੀ ਭਾਸ਼ਾ ਲਈ ਇੱਕ ਬਹੁਤ ਹੀ ਗਿੱਵਰਿਸ਼ ਡਿਟੈਕਟਰ ਵਿਕਸਤ ਕੀਤਾ ਹੈ ਜੋ ਇਕ ਮਹੀਨੇ ਵਿਚ 975 ਕੇ ਡਾਊਨਲੋਡ ਦੇ ਨਾਲ ਹੂਜਿੰਗ ਫੇਸ ਦੇ ਦੁਨੀਆਂ ਭਰ ਵਿਚ ਸਭ ਤੋਂ ਵੱਧ ਡਾਊਨਲੋਡ ਕੀਤੇ ਗਏ ਮਾਡਲ ਦੇ ਤੀਜੇ ਪੰਨੇ 'ਤੇ ਪਹੁੰਚ ਕੇ ਗੂਗਲ, ਮਾਇਕ੍ਰੋਸਾਫਟ, ਮੇਟਾ ਵਰਗੇ ਉਦਯੋਗ ਦੇ ਦਿੱਗਜ ਮਾਡਲਾਂ ਨਾਲ ਮੁਕਾਬਲਾ ਕੀਤਾ | ਸੰਗਰੂਰ ਦਾ ਨਾਂਅ ਵਿਸ਼ਵ ਪੱਧਰ 'ਤੇ ਰੌਸ਼ਨ ਕਰ ਰਹੇ ਮਧੂਰ ਜਿੰਦਲ ਹੁਣ ਕੁੱਝ ਦਿਨਾਂ ਤੱਕ ਆਰਟੀਫਿਸ਼ਲ ਇੰਟੈਲੀਜੈਂਸੀ 'ਤੇ ਅਗਲੇਰੀ ਖੋਜ ਕਰਨ ਲਈ ਦੁਬਈ ਵਿਚ ਮਹਾਮਦ ਬਿਨ ਜਾਯਦ ਯੂਨੀਵਰਸਿਟੀ ਆਬੂਧਾਬੀ ਜਾ ਰਹੇ ਹਨ | ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਇਸ ਹੋਣਹਾਰ ਨੌਜਵਾਨ ਨੂੰ ਆਪਣੀ ਰਿਹਾਇਸ਼ 'ਤੇ ਬੁਲਾ ਕੇ ਪ੍ਰਾਪਤ ਉਪਲਬਧੀਆਂ ਲਈ ਵਧਾਈ ਦਿੱਤੀ | ਪਿਤਾ ਬਲਵਿੰਦਰ ਜਿੰਦਲ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ | ਅਗਰਵਾਲ ਸਭਾ ਸੰਗਰੂਰ ਦੇ ਪ੍ਰਧਾਨ ਬਦਰੀ ਜਿੰਦਲ, ਵਿਨੋਦ ਗੁਪਤਾ, ਸ਼ੀਸਨ ਗਰਗ, ਰਾਜਿੰਦਰ ਜਿੰਦਲ, ਰਾਜੀਵ ਜਿੰਦਲ, ਸਰਜੀਵਨ ਜਿੰਦਲ, ਸੁਰਿੰਦਰ ਸ਼ਰਮਾ, ਅਸ਼ੋਕ ਗੋਇਲ ਨੇ ਵੀ ਮਧੂਰ ਜਿੰਦਲ ਨੂੰ ਵਧਾਈ ਦਿੱਤੀ |