ਫ਼ੌਜ ਨੂੰ ਅਜਿਹਾ ਕੀ ਦੱਸਿਆ ਗਿਆ ਸੀ ਕਿ ਹਰ ਸਿੱਖ ਹੀ ਉਸ ਨੂੰ ਅੱਤਵਾਦੀ ਜਾਂ ਦੁਸ਼ਮਣ ਲੱਗਣ ਲੱਗ ਪਿਆ ਸੀ <br/>
ਅਜੀਤ ਡੈਸਕ
03-06-2025
ਚੰਡੀਗੜ੍ਹ, 2 ਜੂਨ-ਸਾਕਾ ਨੀਲਾ ਤਾਰਾ ਕਾਰਨ ਪੰਜਾਬ 'ਚ ਲੱਗੇ ਕਰਫ਼ਿਊ ਵਿਚ 8 ਜੂਨ ਨੂੰ ਸਵੇਰੇ ਛੋਟ ਦਾ ਐਲਾਨ ਕੀਤਾ ਗਿਆ ਸੀ ਅਤੇ ਮੈਂ ਤਿਆਰ ਹੋਇਆ ਹੀ ਸੀ ਕਿ ਸਾਬਕਾ ਕਾਂਗਰਸੀ ਮੰਤਰੀ ਮਰਹੂਮ ਕਰਮ ਸਿੰਘ ਗਿੱਲ ਜੋ ਮੇਰੇ ਚੰਗੇ ਮਿੱਤਰ ਵੀ ਸਨ, ਮੇਰੀ ਚੰਡੀਗੜ੍ਹ ਰਿਹਾਇਸ਼ 'ਤੇ ਆ ਗਏ ਅਤੇ ਮੈਨੂੰ ਵੱਡੀ ਹੈਰਾਨੀ ਉਸ ਵੇਲੇ ਹੋਈ ਜਦੋਂ ਮੈਂ ਉਨ੍ਹਾਂ ਦੀਆਂ ਅੱਖਾਂ 'ਚੋਂ ਅੱਥਰੂ ਵਹਿੰਦੇ ਵੇਖੇ | ਮੈਂ ਉਨ੍ਹਾਂ ਤੋਂ ਜਾਨਣਾ ਚਾਹਿਆ ਤਾਂ ਕੁਝ ਸਮੇਂ ਬਾਅਦ ਉਨ੍ਹਾਂ ਮੈਨੂੰ ਦੱਸਿਆ ਕਿ ਆਮ ਵਾਂਗ ਉਹ ਅੱਜ ਸਵੇਰੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਮੱਥਾ ਟੇਕਣ ਗਏ ਸਨ ਪਰ ਉੱਥੇ ਪੁੱਜ ਕੇ ਪਤਾ ਲੱਗਾ ਕਿ ਫ਼ੌਜ ਵਲੋਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵੀ ਫ਼ੌਜੀ ਕਾਰਵਾਈ ਕੀਤੀ ਗਈ ਸੀ ਜਿਸ ਕਾਰਨ ਕਈ ਨੌਜਵਾਨ, ਬੀਬੀਆਂ ਤੇ ਬਜ਼ੁਰਗ ਸ਼ਹੀਦ ਹੋ ਗਏ ਅਤੇ ਸਰੋਵਰ ਦੀ ਪ੍ਰਕਿਰਮਾ ਅਤੇ ਗੁਰਦੁਆਰਾ ਸਾਹਿਬ ਵਿਖੇ ਕਾਫੀ ਗੋਲੀਆਂ ਦੇ ਨਿਸ਼ਾਨ ਸਨ | ਘਟਨਾ ਦਾ ਜੋ ਬਿਰਤਾਂਤ ਉਹ ਉੱਥੋਂ ਸੁਣ ਕੇ ਆਏ ਤਾਂ ਉਹ ਕਾਫ਼ੀ ਪ੍ਰੇਸ਼ਾਨ ਨਜ਼ਰ ਆ ਰਹੇ ਸਨ | ਉਹ ਮੈਨੂੰ ਬਾਰ-ਬਾਰ ਕਹਿ ਰਹੇ ਸਨ ਕਿ ਤੁਸੀਂ ਮੇਰੇ ਨਾਲ ਚੱਲੋ ਤੇ ਮੈਂ ਤੁਹਾਨੂੰ ਵੀ ਮੌਕੇ ਦੇ ਹਾਲਾਤ ਵਿਖਾਉਣਾ ਚਾਹੁੰਦਾ ਹਾਂ | ਥੋੜ੍ਹੀ ਦੇਰ ਬਾਅਦ ਅਸੀਂ ਦੋਵੇਂ ਪਟਿਆਲਾ ਲਈ ਰਵਾਨਾ ਹੋ ਗਏ ਅਤੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਜਾ ਕੇ ਵਾਪਰੇ ਦੁਖਾਂਤ ਦਾ ਅੰਦਾਜ਼ਾ ਲਗਾਇਆ | ਹਾਲਾਂਕਿ ਬਹੁਤ ਸਾਰੇ ਗੋਲੀਆਂ ਦੇ ਨਿਸ਼ਾਨਾਂ ਵਿਚ ਸਰਕਾਰ ਵਲੋਂ ਮਸਾਲਾ ਜਿਹਾ ਵੀ ਭਰ ਦਿੱਤਾ ਗਿਆ ਸੀ ਤਾਂ ਜੋ ਨਿਸ਼ਾਨ ਖ਼ਤਮ ਕੀਤੇ ਜਾ ਸਕਣ ਪਰ ਸੰਗਤ ਇਨ੍ਹਾਂ ਮੁਰੰਮਤਾਂ ਨੂੰ ਕੱਢ ਰਹੀ ਸੀ | ਸੰਗਤ ਤੋਂ ਪਤਾ ਲੱਗਾ ਕਿ ਗੁਰਦੁਆਰਾ ਸਾਹਿਬ 'ਚੋਂ ਕੇਵਲ ਇਕ ਬਜ਼ੁਰਗ ਨਿਹੰਗ ਸਿੰਘ ਨੇ ਆਪਣੀ ਲਾਇਸੰਸੀ ਬੰਦੂਕ ਨਾਲ 2-3 ਗੋਲੀਆਂ ਚਲਾਈਆਂ ਪਰ ਫ਼ੌਜ ਵਲੋਂ ਨਿਹੰਗ ਸਿੰਘ ਨੂੰ ਮਾਰ ਦਿੱਤਾ ਗਿਆ | ਫ਼ੌਜ ਵਲੋਂ ਕੀਤੀ ਗਈ ਗੋਲਾਬਾਰੀ ਵਿਚ ਸੇਵਾ ਕਰ ਰਹੀਆਂ ਕੁਝ ਔਰਤਾਂ ਤੇ ਨਿਹੰਗ ਸਿੰਘ ਤੇ ਸ਼ਰਧਾਲੂ ਮਾਰੇ ਗਏ | ਫ਼ੌਜ ਗੁਰਦੁਆਰੇ ਦੀਆਂ ਸਰਾਂਵਾਂ ਜਾਂ ਗੁਰਦੁਆਰਾ ਸਾਹਿਬ ਵਿਚ ਹਾਜ਼ਰ ਨੌਜਵਾਨਾਂ ਤੇ ਸ਼ਰਧਾਲੂਆਂ ਦੀਆਂ ਅੱਖਾਂ ਤੇ ਹੱਥ ਬੰਨ੍ਹ ਕੇ ਨਾਲ ਲੈ ਗਈ | ਮੈਂ ਇਹ ਸੋਚ ਰਿਹਾ ਸੀ ਕਿ ਫ਼ੌਜ ਬਿਨਾਂ ਕਿਸੇ ਕਾਰਨ ਦੇ ਸ਼ਰਧਾਲੂਆਂ 'ਤੇ ਕਿਉਂ ਤਸ਼ੱਦਦ ਕਰੇਗੀ | ਸਾਰਾ ਕੁਝ ਦੇਖਣ ਤੋਂ ਬਾਅਦ ਅਸੀਂ ਵਾਪਸ ਚੰਡੀਗੜ੍ਹ ਵੱਲ ਚੱਲ ਪਏ | ਸ. ਕਰਮ ਸਿੰਘ ਗਿੱਲ ਜੋ ਉਨ੍ਹਾਂ ਦਿਨਾਂ ਵਿਚ ਵਿਧਾਇਕ ਵੀ ਸਨ, ਦਾ ਕਰਫਿਊ ਕਾਰਨ ਡਰਾਈਵਰ ਨਹੀਂ ਪੁੱਜ ਸਕਿਆ ਸੀ ਅਤੇ ਉਹ ਖ਼ੁਦ ਕਾਰ ਚਲਾ ਰਹੇ ਸੀ ਅਤੇ ਉਨ੍ਹਾਂ ਨਾਲ ਮੈਂ ਅੱਗੇ ਬੈਠਾ ਸੀ ਅਤੇ ਅਸੀਂ ਦੋਵੇਂ ਵਾਪਰੇ ਵਰਤਾਰੇ ਬਾਰੇ ਗੱਲਾਂ ਕਰਦੇ ਆ ਰਹੇ ਸੀ ਤਾਂ ਪੰਜਾਬੀ ਯੂਨੀਵਰਸਿਟੀ ਕੋਲ ਲੱਗੇ ਫ਼ੌਜੀਆਂ ਦੇ ਨਾਕੇ 'ਤੇ ਇਕ ਫ਼ੌਜੀ ਰੁਕਣ ਦਾ ਇਸ਼ਾਰਾ ਕਰਦਾ ਸੜਕ 'ਤੇ ਆ ਗਿਆ ਅਤੇ ਗਿੱਲ ਸਾਹਿਬ ਨੇ ਕਾਰ ਰੋਕ ਲਈ | ਇਕ ਪਾਸੇ ਖਲੋਤੇ ਫ਼ੌਜ ਦੇ ਕਪਤਾਨ ਨੇ ਆ ਕਿ ਸ਼ੀਸ਼ਾ ਥੱਲ੍ਹੇ ਕਰਨ ਦਾ ਇਸ਼ਾਰਾ ਕਰਦਿਆਂ ਕਿਹਾ ਕਿ ਕਾਰ ਦੀ ਬਰੇਕ ਜ਼ੋਰ ਨਾਲ ਕਿਉਂ ਲਗਾਈ | ਗਿੱਲ ਸਾਹਿਬ ਨੇ ਜਵਾਬ ਦਿੱਤਾ ਕਿ ਰੁਕਣ ਦਾ ਅਚਾਨਕ ਇਸ਼ਾਰਾ ਹੋ ਗਿਆ ਸੀ | ਉਸ ਨੇ ਦੂਜੇ ਫ਼ੌਜੀਆਂ ਨੂੰ ਗੱਡੀ ਦੀ ਤਲਾਸ਼ੀ ਲੈਣ ਲਈ ਕਿਹਾ ਜਿਨ੍ਹਾਂ ਤਲਾਸ਼ੀ ਲਈ ਪਰ ਗਿੱਲ ਸਾਹਿਬ ਨੇ ਆਪਣਾ ਵਿਧਾਇਕ ਹੋਣ ਦਾ ਸ਼ਨਾਖ਼ਤੀ ਕਾਰਡ ਉਸ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਪਤਾਨ ਕਾਫ਼ੀ ਔਖਾ ਨਜ਼ਰ ਆਇਆ ਤੇ ਉਸ ਨੇ ਕਿਹਾ ਕਿ ਇਹ ਗੱਤਾ ਆਪਣੇ ਕੋਲ ਰੱਖੋਂ, ਅਗਰ ਤੁਸੀਂ ਦੇਸ਼ ਦੇ ਰਾਸ਼ਟਰਪਤੀ ਵੀ ਹੋਵੋ ਮੈਨੂੰ ਇਸ ਗਲੀ ਦੀ ਕੋਈ ਪ੍ਰਵਾਹ ਨਹੀਂ | ਉਸ ਤੋਂ ਬਾਅਦ ਅਸੀਂ ਜਦੋਂ ਕਾਰ ਵਿਚ ਬੈਠ ਗਏ ਤੇ ਤੁਰਨ ਲੱਗੇ ਤਾਂ ਉਸ ਕੈਪਟਨ ਨੇ ਹੁਕਮ ਦਿੱਤਾ ਕਿ ਰੁਕ ਜਾਵੋ | ਉਸ ਨੇ ਗਿੱਲ ਸਾਹਿਬ ਨੂੰ ਕਿਹਾ ਕਿ ਤੁਸੀਂ ਮੈਨੂੰ ਗੱਡੀ 'ਚ ਬੈਠ ਕੇ ਗਾਲ ਕੱਢੀ ਹੈ | ਮੈਂ ਵੀ ਕੈਪਟਨ ਨੂੰ ਕਿਹਾ ਕਿ ਉਸ ਨੂੰ ਕੋਈ ਗ਼ਲਤ ਫਹਿਮੀ ਹੋ ਗਈ ਹੈ, ਉਸ ਨੂੰ ਕਿਸੇ ਨੇ ਗਾਲ ਨਹੀਂ ਕੱਢੀ ਪਰ ਉਸ ਦੇ ਇਸ਼ਾਰੇ 'ਤੇ ਫ਼ੌਜੀ ਛੋਟਾ ਟਰੱਕ ਲੈ ਆਏ ਤੇ ਉਨ੍ਹਾਂ ਵਿਧਾਇਕ ਗਿੱਲ ਨੂੰ ਗਿ੍ਫ਼ਤਾਰ ਕਰਦਿਆਂ ਟਰੱਕ ਵਿਚ ਪਿੱਛੇ ਬਿਠਾ ਲਿਆ | ਗਿੱਲ ਸਾਹਿਬ ਕਾਰ ਦੀ ਚਾਬੀ ਮੈਨੂੰ ਦੇਣ ਲੱਗੇ ਤਾਂ ਮੈਂ ਕੈਪਟਨ ਨੂੰ ਕਿਹਾ ਕਿ ਮੈਂ ਵੀ ਇਨ੍ਹਾਂ ਦੇ ਨਾਲ ਹਾਂ ਤੇ ਨਾਲ ਹੀ ਜਾਵਾਂਗਾ | ਇਸ ਤੋਂ ਬਾਅਦ ਮੈਨੂੰ ਟਰੱਕ ਵਿਚ ਪਿੱਛੇ ਬਿਠਾ ਦਿੱਤਾ ਗਿਆ ਅਤੇ ਇਕ ਗੋਰਖਾ ਬੰਦੂਕ ਸਾਡੇ ਵੱਲ ਤਾਣ ਕੇ ਖੜ੍ਹਾ ਹੋ ਗਿਆ | ਗਿੱਲ ਸਾਹਿਬ ਨੇ ਮੈਨੂੰ ਕਿਹਾ ਕਿ ਕਿਉਂ ਨਾਲ ਆ ਗਿਆ ਤਾਂ ਉਹ ਗੋਰਖਾ ਅੱਗ ਬਬੂਲਾ ਹੋ ਗਿਆ ਅਤੇ ਉਸ ਨੇ ਹੁਕਮ ਦਿੱਤਾ ਕਿ ਅਗਰ ਦੁਬਾਰਾ ਬਾਤ ਕੀ ਤਾਂ ਗੋਲੀ ਮਾਰ ਦੇਵਾਂਗਾ | ਉਸ ਤੋਂ ਬਾਅਦ ਅਸੀਂ ਚੁੱਪ ਬੈਠੇ ਰਹੇ ਅਤੇ ਕੈਪਟਨ ਟਰੱਕ ਵਿਚ ਅੱਗੇ ਬੈਠਾ ਹੋਇਆ ਤੇ ਕੁਝ ਸਮੇਂ ਬਾਅਦ ਅਸੀਂ ਪਟਿਆਲਾ ਸਦਰ ਪੁਲਿਸ ਸਟੇਸ਼ਨ ਪਹੁੰਚ ਗਏ ਅਤੇ ਕੈਪਟਨ ਤੇ ਫ਼ੌਜੀ ਗਿੱਲ ਸਾਹਿਬ ਨੂੰ ਫੜ ਕੇ ਅੰਦਰ ਲੈ ਗਏ ਪਰ ਮੈਨੂੰ ਬਾਹਬ ਛੱਡ ਗਏ | ਪ੍ਰੰਤੂ ਮੈਂ ਵੀ ਉਨ੍ਹਾਂ ਮਗਰ ਅੰਦਰ ਚਲਾ ਗਿਆ ਅਤੇ ਦੇਖਿਆ ਕਿ ਇਕ ਵੱਡੇ ਗੋਲੇ ਵਿਚ ਕੁਰਸੀਆਂ ਲਗਾਈ ਫ਼ੌਜ ਤੇ ਪੁਲਿਸ ਦੇ ਕੋਈ 15-16 ਅਧਿਕਾਰੀ ਬੈਠੇ ਹੋਏ ਸਨ ਅਤੇ ਕਪਤਾਨ ਗਿੱਲ ਸਾਹਿਬ ਨੂੰ ਆਪਣੇ ਕਰਨਲ ਕੋਲ ਲੈ ਗਿਆ ਅਤੇ ਕੁਝ ਦੱਸਣਾ ਸ਼ੁਰੂ ਕਰ ਦਿੱਤਾ ਜਦੋਂ ਗਿੱਲ ਸਾਹਿਬ ਨੇ ਅੱਗੋਂ ਕੋਈ ਸਫ਼ਾਈ ਦੇਣ ਦੀ ਕੋਸ਼ਿਸ਼ ਕੀਤੀ ਤਾਂ ਫ਼ੌਜੀ ਅਧਿਕਾਰੀ ਨੇ ਅੱਗੇ ਵੱਧ ਕੇ ਉਨ੍ਹਾਂ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਹਾਜ਼ਰ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਨੇ ਉਨ੍ਹਾਂ ਨੂੰ ਫੜਦਿਆਂ ਰੋਕ ਲਿਆ ਅਤੇ ਫਿਰ ਉਹ ਗਿੱਲ ਸਾਹਿਬ ਨੂੰ ਨਾਲ ਲਿਜਾ ਕੇ ਇਕ ਅਧਿਕਾਰੀ ਦੇ ਕਮਰੇ ਵਿਚ ਬਿਠਾ ਦਿੱਤਾ ਜਿੱਥੇ ਮੈਂ ਵੀ ਪੁੱਜ ਗਿਆ | ਸਾਨੂੰ ਦੱਸਿਆ ਗਿਆ ਕਿ ਪੁਲਿਸ ਅਧਿਕਾਰੀ ਫ਼ੌਜੀ ਅਧਿਕਾਰੀਆਂ ਨੂੰ ਸ਼ਾਂਤ ਕਰ ਰਹੇ ਹਨ ਤੇ ਸਾਨੂੰ ਚਾਹ ਆਦਿ ਵੀ ਭੇਜੀ | ਕੋਈ ਇਕ ਘੰਟੇ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਅੰਦਰ ਆਏ ਅਤੇ ਉਨ੍ਹਾਂ ਗਿੱਲ ਸਾਹਿਬ ਨੂੰ ਕਿਹਾ ਕਿ ਤੁਹਾਨੂੰ ਮੇਰੀ ਗੱਡੀ ਕਾਰ ਤੱਕ ਛੱਡ ਆਉਂਦੀ ਹੈ ਤੇ ਤੁਸੀਂ ਜਾਵੋ | ਉਨ੍ਹਾਂ ਕਿਹਾ ਕਿ ਇਨ੍ਹਾਂ ਫ਼ੌਜੀਆਂ ਨੂੰ ਸਿਵਲੀਅਨ ਨਾਲ ਵਰਤਣ ਦੀ ਸਮਝ ਨਹੀਂ, ਇਹ ਹਰੇਕ ਨੂੰ ਦੁਸ਼ਮਣ ਹੀ ਸਮਝੀ ਜਾ ਰਹੇ ਹਨ | ਜਾਨ ਬਚਾ ਕੇ ਅਸੀਂ ਵਾਪਸ ਚੰਡੀਗੜ੍ਹ ਤੋਂ ਪਰਤ ਆਏ ਪਰ ਫ਼ੌਜ ਦਾ ਅਜਿਹਾ ਰਵੱਈਆ ਮੇਰੇ ਲਈ ਹੈਰਾਨਕੁੰਨ ਜ਼ਰੂਰ ਬਣਿਆ ਹੋਇਆ ਸੀ | ਇਸ ਤੋਂ 1-2 ਦਿਨ ਪਹਿਲਾਂ ਇਕ ਸੀਨੀਅਰ ਪੁਲਿਸ ਅਧਿਕਾਰੀ ਨਾਲ ਕਰਫ਼ਿਊ ਦੌਰਾਨ ਟੈਲੀਫ਼ੋਨ 'ਤੇ ਗੱਲਬਾਤ ਕਰਦਿਆਂ ਜਦੋਂ ਮੈਂ ਪੁੱਛਿਆ ਕਿ ਤੁਹਾਨੂੰ ਤਾਂ ਦੁੱਧ ਆਦਿ ਦੀ ਸਪਲਾਈ ਮਿਲ ਰਹੀ ਹੋਵੇਗੀ ਤਾਂ ਮੈਨੂੰ ਉਸ ਦੱਸਿਆ ਕਿ ਇਕ ਦਿਨ ਪਹਿਲਾਂ ਮੇਰਾ ਸਬ-ਇੰਸਪੈਕਟਰ ਮੇਰੇ ਨਿਵਾਸ ਤੋਂ ਕੁਝ ਦੂਰ ਦੋਧੀਆਂ ਤੋਂ ਪੂਰੀ ਵਰਦੀ ਪਾ ਕੇ ਦੁੱਧ ਲੈਣ ਗਿਆ ਸੀ ਲੇਕਿਨ ਵਾਪਸੀ ਦੌਰਾਨ ਉਸ ਨੂੰ ਫ਼ੌਜੀਆਂ ਨੇ ਦੇਖ ਲਿਆ | ਉਸ ਵਲੋਂ ਦੱਸਿਆ ਵੀ ਗਿਆ ਕਿ ਉਹ ਕਿਸ ਅਧਿਕਾਰੀ ਨਾਲ ਅਟੈਚ ਹਨ ਅਤੇ ਉਨ੍ਹਾਂ ਲਈ ਦੁੱਧ ਲੈ ਕੇ ਜਾ ਰਹੇ ਹਨ ਲੇਕਿਨ ਫ਼ੌਜੀਆਂ ਨੇ ਦੁੱਧ ਡੋਲ ਕੇ ਪਹਿਲਾਂ ਉਸ ਨੂੰ ਕੁੱਟਿਆ ਤੇ ਫਿਰ ਉਸ ਤੋਂ ਕਾਫ਼ੀ ਦੇਰ ਤਕ ਬੈਠਕਾਂ ਵੀ ਲਗਵਾਈਆਂ | ਫ਼ੌਜ ਵਿਚਲੀ ਅਜਿਹੀ ਕੁੜੱਤਣ ਮੇਰੀ ਸਮਝ ਤੋਂ ਬਾਹਰ ਸੀ | ਮੇਰੇ ਲਈ ਵੱਡੀ ਹੈਰਾਨੀ ਇਹ ਵੀ ਸੀ ਕਿ ਉਸ ਸਮੇਂ ਦੇ ਸੂਬੇ ਦੇ ਪੁਲਿਸ ਮੁਖੀ ਪ੍ਰੀਤਮ ਸਿੰਘ ਭਿੰਡਰ ਜਿਨ੍ਹਾਂ ਦੀ ਪਤਨੀ ਕਾਂਗਰਸ ਦੀ ਸੀਨੀਅਰ ਲੀਡਰ ਵੀ ਸੀ ਨੂੰ ਵੀ ਫ਼ੌਜੀ ਕਾਰਵਾਈ ਸੰਬੰਧੀ ਕਾਫ਼ੀ ਹੱਦ ਤਕ ਹਨੇਰੇ ਵਿਚ ਹੀ ਰੱਖਿਆ ਜਾ ਰਿਹਾ ਸੀ | ਫ਼ੌਜੀ ਕਾਰਵਾਈ ਵਿਚ ਸ਼ਾਮਿਲ ਇਕ ਫ਼ੌਜੀ ਜਰਨੈਲ ਮੇਰੇ ਇਕ ਚੰਗੇ ਮਿੱਤਰ ਦੇ ਮਿੱਤਰ ਸਨ, ਜਿਨ੍ਹਾਂ ਦੀ ਰੋਜ਼ ਟੈਲੀਫ਼ੋਨ 'ਤੇ ਗੱਲਬਾਤ ਹੋ ਜਾਂਦੀ ਸੀ ਤੋਂ ਜੋ ਜਾਣਕਾਰੀ ਮੈਨੂੰ ਮਿਲ ਰਹੀ ਸੀ, ਭਿੰਡਰ ਸਾਹਿਬ ਮੇਰੇ ਤੋਂ ਜਾਨਣ ਲਈ ਮੈਨੂੰ ਰੋਜ਼ ਟੈਲੀਫ਼ੋਨ ਕਰਦੇ ਸਨ | ਪੰਜਾਬ ਵਿਚ ਕਾਂਗਰਸ ਦੇ ਹੋਰ ਵੀ ਬਹੁਤ ਸਾਰੇ ਆਗੂਆਂ ਨੂੰ ਉਨ੍ਹਾਂ ਦਿਨਾਂ ਦੌਰਾਨ ਫ਼ੌਜ ਵਲੋਂ ਜ਼ਲੀਲ ਕੀਤਾ ਗਿਆ | ਕਾਂਗਰਸ ਦੇ ਜਲੰਧਰ ਤੋਂ ਸੀਨੀਅਰ ਆਗੂ ਚੌਧਰੀ ਦਰਸ਼ਨ ਸਿੰਘ ਜੋ ਕਿ ਉਸ ਸਮੇਂ ਇਕ ਮਹੱਤਵਪੂਰਨ ਬੋਰਡ ਦੇ ਚੇਅਰਮੈਨ ਸਨ, ਨੂੰ ਵੀ ਫ਼ੌਜੀਆਂ ਰੋਕ ਕੇ ਸੜਕ 'ਤੇ ਉਨ੍ਹਾਂ ਦੇ ਡਰਾਈਵਰ ਤੇ ਗੰਨਮੈਨ ਨਾਲ ਮੁਰਗ਼ਾ ਬਣਾਈ ਰੱਖਿਆ | ਮੈਂ ਜਦੋਂ ਚੌਧਰੀ ਸਾਹਿਬ ਤੋਂ ਇਸ ਘਟਨਾ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਮੈਨੂੰ ਵੀ ਅੱਜ ਤਕ ਪਤਾ ਨਹੀਂ ਲੱਗਾ ਪਰ ਉਨ੍ਹਾਂ ਮੈਨੂੰ ਕਿਹਾ ਕਿ ਮੈਂ ਤੈਨੰੂ ਏਨ੍ਹਾਂ ਜ਼ਰੂਰ ਦੱਸ ਸਕਦਾ ਹਾਂ ਕਿ ਫ਼ੌਜ ਦੀ ਕਿਸੇ ਵੀ ਜ਼ਿਆਦਤੀ ਦੀ ਸ਼ਿਕਾਇਤ ਸੁਨਣ ਲਈ ਕੋਈ ਵੀ ਤਿਆਰ ਨਹੀਂ ਹੈ | ਸਾਕਾ ਨੀਲਾ ਤਾਰਾ ਤੋਂ ਕੁਝ ਦਿਨ ਬਾਅਦ ਜਦੋਂ ਫ਼ੌਜ ਚੰਡੀਗੜ੍ਹ ਤੋਂ ਕੁਝ ਚੋਣਵੇਂ ਪੱਤਰਕਾਰਾਂ ਨੂੰ ਇਕ ਜਹਾਜ਼ ਰਾਹੀਂ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਾਲਾਤ ਦਿਖਾਉਣ ਲਈ ਲੈ ਕੇ ਗਈ ਤਾਂ ਮੈਨੂੰ ਇਹ ਦੇਖ ਦੇ ਬੜੀ ਹੈਰਾਨੀ ਹੋਈ ਕਿ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ 'ਤੇ ਲਿਖੇ ਫ਼ੌਜ ਦੇ ਬੋਰਡ ਤੋਂ ਕਾਫ਼ੀ ਹੈਰਾਨੀ ਹੋਈ ਜਿਸ 'ਤੇ ਲਿਖਿਆ ਸੀ 'ਫ਼ੌਜ ਦੇ ਕੰਟਰੋਲ ਹੇਠ' | ਉਥੇ ਹਾਜ਼ਰ ਇਕ ਫ਼ੌਜੀ ਅਫ਼ਸਰ ਨੂੰ ਜਦੋਂ ਮੈਂ ਇਹ ਪੁੱਛਿਆ ਕਿ ਪਰਿਕਰਮਾ ਦੇ ਕੁਝ ਹਿੱਸਿਆਂ 'ਤੇ ਗੋਲਾਬਾਰੀ ਦੇ ਬਹੁਤ ਨਿਸ਼ਾਨ ਕਿਉਂ ਹਨ ਤਾਂ ਉਸ ਨੇ ਮੈੈਨੂੰ ਦੱਸਿਆ ਕਿ ਇਨ੍ਹਾਂ ਸਥਾਨਾਂ ਤੋਂ ਦੁਸ਼ਮਣ ਵੀ ਭਾਰੀ ਗੋਲਾਬਾਰੀ ਕਰ ਰਿਹਾ ਸੀ | ਜਿਸ ਕਾਰਨ ਫ਼ੌਜ ਨੇ ਵੀ ਜਵਾਬੀ ਗੋਲਾਬਾਰੀ ਕੀਤੀ ਸੀ | ਉਸ ਨੇ ਮੈਨੂੰ ਕੁਝ ਥਾਂਵਾਂ ਵੱਲ ਇਸ਼ਾਰੇ ਕਰ ਕੇ ਦੱਸਿਆ ਦੁਸ਼ਮਣ ਦੀ ਇਸ ਥਾਂ ਤੋਂ ਕਾਫ਼ੀ ਗੋਲਾਬਾਰੀ ਹੋ ਰਹੀ ਸੀ ਪਰ ਮੈਂ ਫ਼ੌਜੀ ਅਧਿਕਾਰੀ ਨੂੰ ਇਹ ਨਹੀਂ ਪੁੱਛ ਸਕਿਆ ਕਿ ਤੁਸੀਂ ਆਪਣੇ ਲੋਕਾਂ ਨੂੰ ਦੁਸ਼ਮਣ ਕਿਉਂ ਕਹਿ ਰਹੇ ਹੋ |