ਅੰਮਿ੍ਤਸਰ, 3 ਜੂਨ (ਰੇਸ਼ਮ ਸਿੰਘ)-ਬੀਤੀ ਦੇਰ ਰਾਤ ਸ੍ਰੀ ਦਰਬਾਰ ਸਾਹਿਬ ਸਮੂਹ ਨੇੜੇ ਗੁਰੂ ਰਾਮਦਾਸ ਜੀ ਲੰਗਰ ਹਾਲ ਨੇੜੇ ਸਰਾਂ 'ਤੇ ਇਕ ਵਿਅਕਤੀ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸੰਗਤ ਵਲੋਂ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ | ਇਹ ਮਾਮਲਾ ਅੱਜ ਅਮਨ ਕਾਨੂੰਨ ਤੇ ਸੁਰੱਖਿਆ ਨਾਲ ਜੁੜਿਆ ਹੋਣ ਕਰਕੇ ਉਸ ਵੇਲੇ ਵੀ ਚਰਚਾ 'ਚ ਆ ਗਿਆ ਜਦੋਂ ਕਿ ਸੰਗਤਾਂ ਘੱਲੂਘਾਰਾ ਹਫਤਾ ਮਨਾ ਰਹੀਆਂ ਹਨ ਤੇ ਗੁਰੂ ਨਗਰੀ 'ਚ ਚੱਪੇ ਚੱਪੇ 'ਤੇ ਪੁਲਿਸ ਤਾਇਨਾਤ ਹੈ | ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਦੀ ਜਾਂਚ ਕਮੇਟੀ ਗਠਿਤ ਕੀਤੀ ਗਈ ਹੈ | ਇਹ ਘਟਨਾ ਬੀਤੀ ਦੇਰ ਰਾਤ ਦੀ ਹੈ ਜਦੋਂ ਕਿ ਗੁਰਪ੍ਰੀਤ ਸਿੰਘ (35) ਨਾਮਕ ਵਿਅਕਤੀ ਜੋ ਨੇੜੇ ਹੀ ਗਲੀ ਫਟ ਵਾਲੀ ਦਾ ਰਹਿਣ ਵਾਲਾ ਦੱਸਿਆ ਗਿਆ ਹੈ ਜਿਸ ਨੂੰ ਨਿਤਨੇਮ ਕਰਨ ਵਾਲੇੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਮੌਕੇ ਉਸ ਨੂੰ ਸ਼ਰਧਾਲੂਆਂ ਵਲੋਂ ਕਾਬੂ ਕਰਕੇ ਕੁਟਾਪਾ ਚਾੜ ਕੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਹਵਾਲੇ ਕੀਤਾ ਗਿਆ ਜਿਨ੍ਹਾਂ ਵਲੋਂ ਬਾਅਦ ਵਿਚ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ | ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਇਸ ਕੋਲ ਤਿੰਨ ਗੁਟਕਾ ਸਾਹਿਬ ਸਨ ਜੋ ਉਹ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਲੈ ਕੇ ਆਇਆ ਸੀ ਪਰ ਇਨ੍ਹਾਂ ਨੂੰ ਕਿਸ ਮਕਸਦ ਨਾਲ ਲੈ ਕੇ ਆਇਆ ਸੀ ਤੇ ਇਹ ਬੇਅਦਬੀ ਕਿਉਂ ਕੀਤੀ ਇਸ ਮਾਮਲੇ 'ਤੇ ਮੁਲਜ਼ਮ ਨੇ ਚੁੱਪ ਧਾਰੀ ਹੋਈ ਹੈ | ਦੂਜੇ ਪਾਸੇ ਮੁਲਜ਼ਮ ਦੇ ਵਾਰਸਾਂ ਦਾ ਕਹਿਣਾ ਹੈ ਕਿ ਉਹ ਮਾਨਸਿਕ ਰੂਪ 'ਚ ਪ੍ਰੇਸ਼ਾਨ ਹੈ | ਇਸ ਸੰਬੰਧੀ ਏ.ਡੀ.ਸੀ.ਪੀ. ਸ੍ਰੀਮਤੀ ਜਸਰੂਪ ਕੌਰ ਬਾਠ ਨੇ ਦਸਿਆ ਕਿ ਸੇਵਾਦਾਰਾਂ ਤੇ ਸੰਗਤ ਵਲੋਂ ਬੇਅਦਬੀ ਦੇ ਮੁਲਜ਼ਮ ਨੂੰ ੂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਜਿਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ |
ਸ੍ਰੀ ਦਰਬਾਰ ਸਾਹਿਬ ਨੇੜੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਜਾਂਚ ਕਮੇਟੀ ਗਠਿਤ • ਮੁਲਜ਼ਮ ਨੂੰ ਸੰਗਤ ਨੇ ਫੜ ਕੇ ਕੀਤਾ ਪੁਲਿਸ ਹਵਾਲੇ • ਮਾਪਿਆਂ ਦੱਸਿਆ ਮਾਨਸਿਕ ਪ੍ਰੇਸ਼ਾਨ <br/>
ਅਜੀਤ ਡੈਸਕ
04-06-2025