ਅੰਮਿ੍ਤਸਰ, 3 ਜੂਨ (ਜਸਵੰਤ ਸਿੰਘ ਜੱਸ)-ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੇ ਗਏ ਸਾਕਾ ਨੀਲਾ ਤਾਰਾ ਆਪ੍ਰੇਸ਼ਨ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਤੋਪਾਂ ਟੈਂਕਾਂ ਨਾਲ ਲੈਸ ਹੋ ਕੇ ਆਈ ਫੌਜ ਦਾ ਬਹਾਦਰੀ ਨਾਲ ਮੁਕਾਬਲਾ ਕਰਦਿਆਂ ਸ਼ਹੀਦ ਹੋਏ ਜੁਝਾਰੂ ਨੌਜਵਾਨਾਂ ਤੇ ਦਰਸ਼ਨ ਕਰਨ ਆਏ ਤੇ ਗੋਲੀ ਦਾ ਨਿਸ਼ਾਨਾ ਬਣ ਗਏ ਸੈਂਕੜੇ ਹੋਰ ਆਮ ਸ਼ਰਧਾਲੂਆਂ ਨੂੰ ਹਰ ਸਾਲ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਸ਼ਹੀਦਾਂ ਦੇ ਪਰਿਵਾਰਾਂ ਤੇ ਸ਼ੋ੍ਰਮਣੀ ਕਮੇਟੀ ਤੋਂ ਇਲਾਵਾ ਦੇਸ਼-ਵਿਦੇਸ਼ ਵਿਚ ਵਸਦੀਆਂ ਸੰਗਤਾਂ ਵਲੋਂ ਸ਼ਿੱਦਤ ਨਾਲ ਯਾਦ ਕੀਤਾ ਜਾਂਦਾ ਹੈ ਪਰ ਇਸ ਵਾਰ ਇਸ ਘੱਲੂਘਾਰੇ ਦੀ 41ਵੀਂ ਵਰੇ੍ਹਗੰਢ ਮੌਕੇ ਇਸ ਸਾਕੇ ਦੇ ਸ਼ਹੀਦਾਂ ਨੂੰ ਮਿਲ ਬੈਠ ਕੇ ਸਤਿਕਾਰ ਭੇਟ ਕਰਨ ਅਤੇ ਪਿਛਲੀ ਸਦੀ ਦੇ ਨੌਵੇਂ ਦਹਾਕੇ ਦੇ ਅੱਧ ਵਿਚ ਵਾਪਰੇ ਇਸ ਦੁਖਾਂਤ ਨੂੰ ਯਾਦ ਕਰਨ ਦੀ ਥਾਂ ਸਿੱਖ ਜਥੇਬੰਦੀਆਂ ਸ਼ੋ੍ਰਮਣੀ ਕਮੇਟੀ ਵਲੋਂ ਹਾਲ ਹੀ ਵਿਚ ਤਿੰਨ ਤਤਕਾਲੀ ਜਥੇਦਾਰਾਂ ਨੂੰ ਅਹੁਦਿਆਂ ਤੋਂ ਜਬਰੀ ਸੇਵਾ-ਮੁਕਤ ਕਰਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਯੁਕਤ ਕੀਤੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਅਤੇ ਉਨ੍ਹਾਂ ਵਲੋਂ ਕੁਝ ਦਹਾਕਿਆਂ ਤੋਂ ਚਲੀ ਆਉਂਦੀ ਰਵਾਇਤ ਅਨੁਸਾਰ ਘੱਲੂਘਾਰਾ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਨ ਤੇ ਇਸ ਮੌਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੇ ਮਾਮਲੇ ਨੂੰ ਲੈ ਕੇ ਆਹਮੋ ਸਾਹਮਣੇ ਹਨ | ਦਮਦਮੀ ਟਕਸਾਲ ਜਥਾ ਭਿੰਡਰਾਂ ਚੌਕ ਮਹਿਤਾ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਜਿਥੇ ਪਹਿਲਾਂ ਹੀ ਜਥੇਦਾਰ ਗੜਗੱਜ ਦੀ ਨਿਯੁਕਤੀ ਦਾ ਵਿਰੋਧ ਕਰਦਿਆਂ ਜਥੇਦਾਰਾਂ ਦੀ ਨਿਯੁਕਤੀ, ਕਾਰਜ ਖੇਤਰ ਤੇ ਸੇਵਾ-ਮੁਕਤੀ ਲਈ ਵਿਧੀ-ਵਿਧਾਨ ਤੇ ਸੇਵਾ ਨਿਯਮ ਬਣਾਏ ਜਾਣ ਦੀ ਮੰਗ ਨੂੰ ਲੈ ਕੇ ਸ਼ੋ੍ਰਮਣੀ ਕਮੇਟੀ ਨੂੰ ਅਲਟੀਮੇਟਮ ਵੀ ਦਿੱਤਾ ਹੋਇਆ ਹੈ ਕਿਉਂਕਿ ਗਿਆਨੀ ਗੜਗੱਜ ਦੀ ਨਿਯੁਕਤੀ ਤੇ ਸੇਵਾ ਸੰਭਾਲ ਪੰਥਕ ਮਰਯਾਦਾਵਾਂ ਅਨੁਸਾਰ ਨਹੀਂ ਹੋਈ, ਇਸ ਲਈ ਇਸ ਵਾਰ ਅਕਾਲ ਤਖਤ ਸਾਹਿਬ ਵਿਖੇ 6 ਜੂਨ ਨੂੰ ਹੋਣ ਵਾਲੇ ਘੱਲੂੁਘਾਰਾ ਸਮਾਗਮ ਮੌਕੇ ਉਨ੍ਹਾਂ ਨੂੰ ਕਦਾਚਿਤ ਵੀ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਨ ਅਤੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਤ ਨਹੀਂ ਕਰਨ ਦਿੱਤਾ ਜਾਵੇਗਾ |