ਸੀਨੀਅਰ ਲੈਕਚਰਾਰ ਦੀ ਪੈਨਸ਼ਨ ਅਤੇ ਹੋਰ ਲਾਭਾਂ ਸੰਬੰਧੀ ਹਾਈ ਕੋਰਟ ਦੇ ਪਹਿਲਾਂ ਦੇ ਹੁਕਮਾਂ ਦੀ ਨਹੀਂ ਕੀਤੀ ਗਈ ਪਾਲਣਾ 'ਤੇ ਸੁਣਾਇਆ ਫ਼ੈਸਲਾ
<br/>
ਚੰਡੀਗੜ੍ਹ, 4 ਜੂਨ (ਸੰਦੀਪ ਕੁਮਾਰ ਮਾਹਨਾ)ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਦੋਂ ਤੱਕ ਸੇਵਾ ਮੁਕਤ ਸੀਨੀਅਰ ਲੈਕਚਰਾਰ ਡਾ. ਪਰਵੀਨ ਪ੍ਰਕਾਸ਼ ਨੂੰ ਪੈਨਸ਼ਨਰੀ ਲਾਭ ਦੇਣ ਦੇ ਪਹਿਲਾਂ ਦੇ ਅਦਾਲਤੀ ਹੁਕਮਾਂ ਦੀ ਪਾਲਣਾ ਯਕੀਨੀ ਨਹੀਂ ਹੋ ਜਾਂਦੀ ਉਸ ਸਮੇਂ ਤੱਕ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਤਨਖ਼ਾਹ ਦਾ ਇਕ ਤਿਹਾਈ ਹਿੱਸਾ ਕੁਰਕ ਕਰਨ ਦਾ ਹੁਕਮ ਦਿੱਤਾ ਹੈ | ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਰੀਦਕੋਟ ਤੋਂ ਸੇਵਾਮੁਕਤ ਹੋਏ ਪਰਵੀਨ ਪ੍ਰਕਾਸ਼ ਨੇ 13 ਜੁਲਾਈ, 2023 ਦੇ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਨਾ ਕਰਨ ਦੇ ਮੁੱਦੇ 'ਤੇ ਅਦਾਲਤ ਦੀ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਸੀ | ਉਸ ਹੁਕਮ ਵਿਚ 16 ਅਗਸਤ, 1991 ਤੋਂ ਸੀਨੀਅਰ ਲੈਕਚਰਾਰ ਵਜੋਂ ਉਨ੍ਹਾਂ ਦੀ ਤਰੱਕੀ ਦੇ ਨਾਲ-ਨਾਲ ਉਨ੍ਹਾਂ ਦੀ ਪੈਨਸ਼ਨ ਅਤੇ ਸੇਵਾ ਮੁਕਤੀ ਲਾਭਾਂ ਵਿਚ ਸੋਧ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ | ਪ੍ਰਕਾਸ਼ ਨੇ ਦੋਸ਼ ਲਗਾਇਆ ਕਿ ਇਸ ਹੁਕਮ ਦੇ ਬਾਵਜੂਦ ਵਾਅਦਾ ਕੀਤੇ ਗਏ ਲਾਭ ਪੂਰੇ ਨਹੀਂ ਕੀਤੇ ਗਏ | 5 ਮਾਰਚ, 2025 ਨੂੰ ਸੁਣਵਾਈ ਮੁੜ ਸ਼ੁਰੂ ਹੋਣ ਦੌਰਾਨ ਵਿਵਾਦ ਹੋਰ ਵੱਧ ਗਿਆ ਜਦੋਂ ਸਰਕਾਰੀ ਵਕੀਲ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ 1 ਅਪ੍ਰੈਲ, 2017 ਤੋਂ 30 ਜੂਨ, 2021 ਤੱਕ ਦੇ ਪੈਨਸ਼ਨ ਬਕਾਏ ਤਿੰਨ ਹਫ਼ਤਿਆਂ ਦੇ ਅੰਦਰ ਜਾਰੀ ਕਰ ਦਿੱਤੇ ਜਾਣਗੇ | ਇਸ ਵਾਅਦੇ 'ਤੇ ਭਰੋਸਾ ਕਰਦੇ ਹੋਏ ਮਾਣਹਾਨੀ ਪਟੀਸ਼ਨ ਵਾਪਸ ਲੈ ਲਈ ਗਈ | ਹਾਲਾਂਕਿ, ਅਦਾਲਤ ਨੇ ਚਿਤਾਵਨੀ ਦਿੱਤੀ ਕਿ ਪਾਲਣਾ ਨਾ ਕਰਨ 'ਤੇ ਪਟੀਸ਼ਨਕਰਤਾ ਪਟੀਸ਼ਨ ਦੁਬਾਰਾ ਖੋਲ੍ਹ ਸਕੇਗਾ ਅਤੇ ਦੋਸ਼ੀ ਅਧਿਕਾਰੀ ਨੂੰ ਆਪਣੇ ਨਿੱਜੀ ਫ਼ੰਡਾਂ 'ਚੋਂ 50 ਹਜ਼ਾਰ ਰੁਪਏ ਦਾ ਭੁਗਤਾਨ ਕਰਨਾ ਪਵੇਗਾ | ਇਸ ਚਿਤਾਵਨੀ ਦੇ ਬਾਵਜੂਦ ਬਕਾਏ ਜਾਰੀ ਨਹੀਂ ਕੀਤੇ ਗਏ ਅਤੇ ਪੈਨਸ਼ਨ ਦੀ ਗ਼ਲਤ ਗਣਨਾ 5ਵੇਂ ਤਨਖ਼ਾਹ ਕਮਿਸ਼ਨ ਦੇ ਤਨਖ਼ਾਹ ਸਕੇਲਾਂ ਦੇ ਆਧਾਰ 'ਤੇ ਕੀਤੀ ਗਈ, ਜਦੋਂ ਕਿ ਪ੍ਰਕਾਸ਼ ਦੀ ਪੈਨਸ਼ਨ 6ਵੇਂ ਤਨਖ਼ਾਹ ਕਮਿਸ਼ਨ ਦੇ ਤਹਿਤ ਸੋਧੀ ਗਈ ਸੀ | ਇਸ ਅੰਤਰ ਦੇ ਕਾਰਨ ਪ੍ਰਕਾਸ਼ ਨੇ ਅਦਾਲਤ ਵਿਚ ਦਿੱਤੇ ਗਏ ਝੂਠੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਮਾਣਹਾਨੀ ਪਟੀਸ਼ਨ ਨੂੰ ਮੁੜ ਸੁਰਜੀਤ ਕਰਨ ਲਈ ਅਰਜ਼ੀ ਦਾਇਰ ਕੀਤੀ | ਅਦਾਲਤ ਨੇ ਪਾਲਣਾ ਹੋਣ ਤੱਕ ਸਿਹਤ ਸਕੱਤਰ ਦੀ ਤਨਖ਼ਾਹ ਦਾ ਇੱਕ ਤਿਹਾਈ ਹਿੱਸਾ ਜ਼ਬਤ ਕਰ ਲਿਆ ਅਤੇ ਆਈ.ਏ.ਐਸ ਸ਼ਾਖਾ, ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਨੂੰ ਹੁਕਮ ਲਾਗੂ ਕਰਨ ਦਾ ਨਿਰਦੇਸ਼ ਦਿੱਤਾ | ਮਾਮਲੇ ਨੂੰ ਹੁਣ ਅਗਲੀ ਕਾਰਵਾਈ ਲਈ 28 ਜੁਲਾਈ, 2025 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ |