ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਸਾਂਝ ਰੱਖਣ ਵਾਲੇ ਪਰਿਵਾਰ ਨੂੰ ਸਹਿਣਾ ਪਿਆ ਸੀ ਅੰਨਾ ਤਸ਼ੱਦਦ
ਪਤੀ ਤੇ ਪੁੱਤਰ ਦਾ ਪੁਲਿਸ ਮੁਕਾਬਲਾ ਤੇ 8 ਤੋਂ 12 ਸਾਲ ਦੇ ਬੱਚਿਆਂ ਨੂੰ ਵੀ ਨਾ ਬਖਸ਼ਿਆ
<br/>
ਅਟਾਰੀ, (ਅੰਮਿ੍ਤਸਰ) 4 ਜੂਨ (ਰਾਜਿੰਦਰ ਸਿੰਘ ਰੂਬੀ)-ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੇਵਾ ਕਰਦਿਆਂ 1984 ਦੇ ਹੋਏ ਘੱਲੂਘਾਰੇ ਦੌਰਾਨ ਹੋਏ ਮਨੁੱਖੀ ਅੱਤਿਆਚਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ-ਢੇਰੀ ਕੀਤੇ ਜਾਣ ਦਾ ਦੁਖਾਂਤ ਨਾ ਸਹਾਰਦਿਆਂ ਕੌਮ ਲੇਖੇ ਜ਼ਿੰਦਗੀ ਲਗਾਉਂਦਿਆਂ ਸ਼ਹੀਦ ਭਾਈ ਹਰਭਜਨ ਸਿੰਘ ਬੱਬਰ ਇਕ ਲੰਮੇ ਪੁਲਿਸ ਮੁਕਾਬਲੇ 'ਚ ਸ਼ਹਾਦਤ ਦਾ ਜਾਮ ਪੀ ਗਏ | ਸ਼ਹੀਦ ਭਾਈ ਹਰਭਜਨ ਸਿੰਘ ਬੱਬਰ ਦੇ ਪੁਲਿਸ ਮੁਕਾਬਲੇ ਦੌਰਾਨ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਜੋ ਅੱਤਿਆਚਾਰ ਉਸ ਸਮੇਂ ਦੇ ਪੁਲਿਸ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਪਰਿਵਾਰ 'ਤੇ ਕੀਤਾ ਗਿਆ ਹੈ ਉਸ ਦੀ ਦਿਲ ਕੰਬਾਉਣ ਵਾਲੀ ਦਾਸਤਾਨ ਅੱਜ 'ਅਜੀਤ' ਨਾਲ ਖਾਸ ਗੱਲਬਾਤ ਕਰਦਿਆਂ ਸ਼ਹੀਦ ਭਾਈ ਹਰਭਜਨ ਸਿੰਘ ਬੱਬਰ ਦੀ ਧਰਮ ਪਤਨੀ ਸਲਵਿੰਦਰ ਕੌਰ (75) ਵਲੋਂ ਸਾਂਝੀ ਕੀਤੀ ਗਈ | ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਉਸ ਕਾਲੇ ਦੌਰ ਨੂੰ ਯਾਦ ਕਰਦਿਆਂ ਬਜ਼ੁਰਗ ਮਾਤਾ ਸਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਸ਼ਹੀਦ ਭਾਈ ਹਰਭਜਨ ਸਿੰਘ ਬੱਬਰ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ, ਜਿਸ 'ਚ ਤਿੰਨ ਲੜਕੇ ਤੇ ਉਹ ਆਪ ਖ਼ੁਦ ਕਈ ਸਾਲਾਂ ਤੱਕ ਪੁਲਿਸ ਦੇ ਤਸ਼ੱਦਦ ਤੋਂ ਬਚਣ ਲਈ ਲੁਕਦੇ ਲੁਕਾਉਂਦੇ ਆਪਣੀਆਂ ਜਾਨਾਂ ਬਚਾਉਂਦੇ ਹੋਏ ਵੱਖ-ਵੱਖ ਥਾਵਾਂ 'ਤੇ ਆਪਣੀ ਜ਼ਿੰਦਗੀ ਬਸਰ ਕਰਦੇ ਰਹੇ | ਮਾਤਾ ਸਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਨਿੱਕੇ-ਨਿੱਕੇ ਮਾਸੂਮ ਬੱਚੇ ਸ਼ਮਸ਼ੇਰ ਸਿੰਘ, ਅਜਮੇਰ ਸਿੰਘ, ਹਰਵਿੰਦਰ ਸਿੰਘ ਤੇ ਭੁਪਿੰਦਰ ਸਿੰਘ ਜਿਨ੍ਹਾਂ ਦੀ ਉਮਰ 8 ਸਾਲ ਤੋਂ ਲੈ ਕੇ ਕਰੀਬ 14 ਸਾਲ ਤੱਕ ਸੀ, 'ਤੇ ਪੁਲਿਸ ਨੇ ਭਾਰੀ ਤਸ਼ੱਦਦ ਕੀਤਾ | ਮਾਤਾ ਸਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਪੁੱਤਰਾਂ ਅਤੇ ਖੁਦ ਉਨ੍ਹਾਂ ਗੁ : ਡੇਰਾ ਗੁਰੂ ਕੇ ਬਾਗ ਤੇ ਗੁ : ਡੇਰਾ ਬਾਬਾ ਖੜਕ ਸਿੰਘ ਬਾਬਾ ਬੁੱਢਾ ਸਾਹਿਬ ਠੱਠਾ ਝਬਾਲ ਵਿਖੇ ਬਿਨਾਂ ਆਪਣੀ ਪਹਿਚਾਣ ਦੱਸਣ ਤੋਂ 12 ਸਾਲ ਤੋਂ ਵਧੇਰੇ ਸਮਾਂ ਵੱਖਰੇ-ਵੱਖਰੇ ਰਹਿ ਕੇ ਕੱਟਿਆ | ਸ਼ਹੀਦ ਭਾਈ ਹਰਭਜਨ ਸਿੰਘ ਬੱਬਰ ਦੇ ਸਪੁੱਤਰ ਹਰਵਿੰਦਰ ਸਿੰਘ ਵੇਰਕਾ ਇਸ ਕਾਲੇ ਦੌਰ ਦੌਰਾਨ ਉਹ ਆਪਣੀ ਮਾਤਾ ਨੂੰ ਕਰੀਬ ਪੰਜ ਸਾਲ ਬਾਅਦ ਕਿਸੇ ਗੁਪਤ ਜਗ੍ਹਾ 'ਤੇ ਮਿਲੇ ਤੇ 12 ਸਾਲ ਬਾਅਦ ਉਨ੍ਹਾਂ ਦਾ ਪਰਿਵਾਰ ਇਕੱਠਾ ਹੋਇਆ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਤਾ ਦੇ ਸ਼ਹੀਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ, ਇਸ ਦੌਰਾਨ ਉਸ ਦੀ ਉਮਰ ਸਿਰਫ 10 ਕੁ ਸਾਲ ਸੀ, ਉਸ ਪੁਲਿਸ ਚੌਕੀ 'ਚ ਸਾਰੀ-ਸਾਰੀ ਰਾਤ ਲੱਤਾਂ ਸ਼ਿਕੰਜੇ 'ਚ ਦੇ ਕੇ ਬਾਵਾਂ ਉੱਪਰ ਟੰਗ ਕੇ ਰੱਖਿਆ ਜਾਂਦਾ ਸੀ | ਉਨ੍ਹਾਂ ਦੱਸਿਆ ਕਿ ਪਿਤਾ ਦੀ ਸ਼ਹੀਦੀ ਬਾਰੇ ਉਨ੍ਹਾਂ ਨੂੰ ਦੋ ਦਿਨ ਬਾਅਦ 'ਅਜੀਤ' ਅਖਬਾਰ 'ਚ ਉਸ ਸਮੇਂ ਲੱਗੀ ਖਬਰ ਤੋਂ ਪਤਾ ਲੱਗਾ ਕਿ ਸ਼ਹੀਦ ਭਾਈ ਹਰਭਜਨ ਸਿੰਘ ਬੱਬਰ, ਜਿਸ ਤੇ ਉਸ ਸਮੇਂ 10 ਲੱਖ ਰੁਪਏ ਦਾ ਇਨਾਮ ਸੀ, ਉਨ੍ਹਾਂ ਨੂੰ ਇਕ ਪੁਲਿਸ ਮੁਕਬਾਲੇ 'ਚ ਸ਼ਹੀਦ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਤੇ ਭਰਾ ਦੇ ਸ਼ਹੀਦ ਹੋ ਜਾਣ ਤੋਂ ਬਾਅਦ ਬਾਬਾ ਠਾਕੁਰ ਸਿੰਘ ਦਮਦਮੀ ਟਕਸਾਲ ਦੇ ਮੁਖੀ ਵਲੋਂ ਪਰਿਵਾਰ ਦੀ ਸਾਰ ਲੈਂਦਿਆਂ ਉਨ੍ਹਾਂ ਦੀ ਮਾਤਾ ਨੂੰ ਹਰ ਮਹੀਨੇ ਦਾ ਖ਼ਰਚਾ ਦੇਣਾ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਉਹ ਸਦਾ ਹੀ ਸ਼ੁਕਰ ਗੁਜ਼ਾਰ ਰਹਿਣਗੇ ਤੇ ਅੱਜ ਉਹ ਉਸ ਕਾਲੇ ਦੌਰ ਨੂੰ ਨਾ ਭੁਲਾਉਂਦੇ ਹੋਏ ਪਰਿਵਾਰ ਇਕਜੁੱਟ ਹੋ ਕੇ ਰਹਿ ਰਿਹਾ ਹੈ |