ਜਗਰਾਉਂ, 2 ਸਤੰਬਰ (ਵਿਨੋਦ ਕੁਮਾਰ)-ਪੰਜਾਬ ਦੇ ਡੇਅਰੀ ਫਾਰਮਰਾਂ ਦੀ ਵੱਡੀ ਜਥੇਬੰਦੀ ਪੀ.ਡੀ.ਐੱਫ.ਏ. ਨੇ ਹੜ੍ਹਾਂ ਦੀ ਮਾਰ ਝੱਲ ਰਹੇ ਸੂਬੇ ਦੇ ਡੇਅਰੀ ਫਾਰਮਰਾਂ ਲਈ ਪੀ.ਡੀ.ਐੱਫ.ਏ. ਹੜ੍ਹ ਰਾਹਤ ਫੰਡ ਕਾਇਮ ਕੀਤਾ ਹੈ, ਜਿਸ ਵਿਚ ਪੀ.ਡੀ.ਐੱਫ.ਏ. ਦੇ ਅਹੁਦੇਦਾਰਾਂ ਸਮੇਤ ਪੀ.ਡੀ.ਐੱਫ.ਏ. ਦੇ ਮੈਂਬਰਾਂ ਨੇ 45 ਲੱਖ ਰੁਪਏ ਦਾ ਵੱਡਾ ਯੋਗਦਾਨ ਪਾਉਂਦਿਆਂ ਸੂਬੇ ਦੇ ਡੇਅਰੀ ਫਾਰਮਰਾਂ, ਡੇਅਰੀ ਕਿੱਤੇ ਨਾਲ ਜੁੜੀਆਂ ਕੰਪਨੀਆਂ, ਫੀਡ ਮਿੱਲਾਂ ਨੂੰ ਅੱਗੇ ਵਧ ਕੇ ਵੱਡਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ | ਪੀ.ਡੀ.ਐੱਫ.ਏ. ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਜਥੇਬੰਦੀ ਦੀ ਹੋਈ ਮੀਟਿੰਗ ਵਿਚ ਜਥੇਬੰਦੀ ਨੇ ਮਹਿਸੂਸ ਕੀਤਾ ਕਿ ਇਸ ਕੁਦਰਤ ਦੀ ਕਰੋਪੀ ਨਾਲ ਦੋ ਜਾਨਵਰਾਂ ਤੋਂ ਲੈ ਕੇ 200 ਜਾਨਵਰਾਂ ਤੱਕ ਦੇ ਵੱਡੇ ਡੇਅਰੀ ਫਾਰਮਰ ਵੀ ਇਸ ਬਿਪਤਾ ਵਿਚ ਘਿਰੇ ਹੋਏ ਹਨ, ਜਿਨ੍ਹਾਂ ਨੂੰ ਵੱਡੀ ਰਾਹਤ ਦੀ ਲੋੜ ਹੈ | ਪ੍ਰਧਾਨ ਸਦਰਪੁਰਾ ਨੇ ਸਪੱਸ਼ਟ ਕੀਤਾ ਕਿ ਪੀ.ਡੀ.ਐੱਫ.ਏ. ਹੜ੍ਹ ਰਾਹਤ ਫੰਡ ਪੰਜਾਬ ਦੇ ਡੇਅਰੀ ਫਾਰਮਰਾਂ ਲਈ ਹੀ ਹੋਵੇਗਾ | ਪ੍ਰੈੱਸ ਸਕੱਤਰ ਰੇਸ਼ਮ ਸਿੰਘ ਭੁੱਲਰ ਨੇ ਦੱਸਿਆ ਕਿ ਪੀ.ਡੀ.ਐੱਫ.ਏ. ਵਲੋਂ ਪਿਛਲੇ ਦੋ ਦਿਨ ਤੋਂ ਹੜ੍ਹ ਪ੍ਰਭਾਵਿਤ ਡੇਅਰੀ ਫਾਰਮਰਾਂ ਨੂੰ 'ਸਾਈਲੈਜ਼' ਪਹੁੰਚਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ |
ਪੰਜਾਬ 'ਚ ਹੜ੍ਹਾਂ ਦੀ ਮਾਰ ਝੱਲ ਰਹੇ ਡੇਅਰੀ ਫਾਰਮਰਾਂ ਲਈ ਅੱਗੇ ਆਈ ਪੀ.ਡੀ.ਐੱਫ.ਏ. <br/>
ਅਜੀਤ ਡੈਸਕ
03-09-2025