ਅੰਮਿ੍ਤਸਰ, 2 ਸਤੰਬਰ (ਹਰਮਿੰਦਰ ਸਿੰਘ)-ਅੰਮਿ੍ਤਸਰ ਦੇ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਮੀਂਹ ਦੇ ਕਾਰਨ ਤਿੰਨ ਪੁਰਾਣੀਆਂ ਇਮਾਰਤਾਂ ਡਿੱਗਣ ਕਾਰਨ ਇਕ ਇਮਾਰਤ ਦੇ ਮਲਬੇ ਹੇਠਾਂ ਦੱਬ ਕੇ ਇਕ ਔਰਤ ਦੀ ਮੌਤ ਹੋ ਗਈ | ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਯਸ਼ਪਾਲ ਪੁਰੀ ਨੇ ਦੱਸਿਆ ਕਿ ਕਟੜਾ ਜੈਮਲ ਸਿੰਘ ਸਥਿਤ ਗਲੀ ਭਾਟੜਿਆਂ 'ਚ ਇਕ ਤਿੰਨ ਮੰਜ਼ਿਲਾ ਪੁਰਾਣੀ ਇਮਾਰਤ ਮੀਂਹ ਦੇ ਕਾਰਨ ਡਿੱਗ ਗਈ | ਉਸ ਨੇ ਦੱਸਿਆ ਕਿ ਉਕਤ ਪੁਰਾਣੀ ਇਮਾਰਤ 'ਚ ਕੁਝ ਲੋਕ ਰਹਿ ਰਹੇ ਸਨ | ਲਗਾਤਾਰ ਪੈ ਰਹੇ ਮੀਂਹ ਕਾਰਨ ਉਨ੍ਹਾਂ ਵਿਚੋਂ ਕੁਝ ਲੋਕ ਬਾਹਰ ਨਿਕਲ ਗਏ ਅਤੇ ਇਕ 70 ਸਾਲਾ ਔਰਤ ਉਕਤ ਘਰ ਵਿਚ ਇਕੱਲੀ ਸੀ | ਇਸ ਦੌਰਾਨ ਘਰ ਦੀ ਬਾਲਿਆਂ ਵਾਲੀ ਛੱਤ ਡਿੱਗ ਗਈ, ਜਿਸ ਦੇ ਮਲਬੇ ਹੇਠਾਂ ਬਜ਼ੁਰਗ ਔਰਤ ਆ ਗਈ, ਜਿਸ ਦੀ ਪਛਾਣ ਪ੍ਰਵੀਨ ਕੁਮਾਰ ਵਜੋਂ ਹੋਈ ਹੈ | ਇਸ ਤੋਂ ਇਲਾਵਾ ਮੀਂਹ ਕਾਰਨ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਇਲਾਕੇ ਖੂਹ ਸੁਨਿਆਰਿਆਂ ਤੇ ਕੱਟੜਾ ਆਹਲੂਵਾਲੀਆ ਦੀ ਲਾਲਾਂ ਵਾਲੀ ਗਲੀ ਵਿਖੇ ਵੀ ਦੋ ਪੁਰਾਣੀ ਇਮਾਰਤਾਂ ਡਿੱਗ ਗਈਆਂ, ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਉਕਤ ਇਮਾਰਤਾਂ 'ਚ ਕੋਈ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ |
ਮੀਂਹ ਕਾਰਨ ਤਿੰਨ ਇਮਾਰਤਾਂ ਡਿੱਗੀਆਂ-ਔਰਤ ਦੀ ਮੌਤ <br/>
ਅਜੀਤ ਡੈਸਕ
03-09-2025