ਨਵੀਂ ਦਿੱਲੀ, 2 ਸਤੰਬਰ (ਉਪਮਾ ਡਾਗਾ ਪਾਰਥ)-ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੇਂਸ ਵੋਂਗ ਆਪਣੇ ਪਹਿਲੇ ਭਾਰਤ ਦੌਰੇ ਦੌਰਾਨ ਮੰਗਲਵਾਰ ਨੂੰ ਦਿੱਲੀ ਪਹੁੰਚੇ | 2 ਤੋਂ 4 ਸਤੰਬਰ ਤੱਕ ਉਨ੍ਹਾਂ ਦੇ ਭਾਰਤ ਦੇ ਦੌਰੇ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਜਹਾਜ਼ਰਾਣੀ, ਸਿਵਿਲ ਹਵਾਬਾਜ਼ੀ ਅਤੇ ਪੁਲਾੜ ਜਿਹੇ ਖੇਤਰਾਂ 'ਚ ਸੰਬੰਧਾਂ ਨੂੰ ਵਧਾਵਾ ਦੇਣ ਲਈ 5 ਸਮਝੌਤਿਆਂ 'ਤੇ ਦਸਤਖ਼ਤ ਕੀਤੇ ਜਾਣਗੇ | ਹਲਕਿਆਂ ਮੁਤਾਬਿਕ ਪ੍ਰਧਾਨ ਮੰਤਰੀ ਵਜੋਂ ਵੋਂਗ ਦੇ ਇਸ ਪਹਿਲੇ ਦੌਰੇ ਦਾ ਮਕਸਦ ਦੋਹਾਂ ਦੇਸ਼ਾਂ ਦਰਮਿਆਨ ਆਰਥਿਕ ਸੰਬੰਧਾਂ ਨੂੰ ਵਧਾਉਣ ਦੇ ਤਰੀਕਿਆਂ ਦਾ ਪਤਾ ਲਗਾਉਣਾ ਹੈ | ਪ੍ਰਧਾਨ ਮੰਤਰੀ ਮੋਦੀ ਅਤੇ ਵੋਂਗ ਵੀਰਵਾਰ ਨੂੰ ਮਹਾਰਾਸ਼ਟਰ 'ਚ ਇਕ ਕੰਟੇਨਰ ਟਰਮੀਨਲ ਦਾ ਵਰਚੂਅਲ ਉਦਘਾਟਨ ਕਰਨਗੇ | 'ਪੋਰਟ ਆਫ ਸਿੰਗਾਪੁਰ ਅਥਾਰਿਟੀ' ਨੇ ਇਕ ਪ੍ਰਾਜੈਕਟ 'ਚ ਇਕ ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਹੈ | ਅੰਕੜਿਆਂ ਮੁਤਾਬਿਕ 2014 ਤੋਂ ਹੁਣ ਤੱਕ ਸਿੰਗਾਪੁਰ ਦਾ ਨਿਵੇਸ਼ 175 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ | ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੰਗਾਪੁਰ ਭਾਰਤ ਲਈ ਅਹਿਮ ਭਾਈਵਾਲ ਹੈ, ਜਿਸ 'ਚ ਕਿਹਾ ਗਿਆ ਕਿ ਵੋਂਗ ਦਾ ਦੌਰਾ ਭਾਰਤ-ਸਿੰਗਾਪੁਰ ਸਫ਼ਾਰਤੀ ਸੰਬੰਧਾਂ ਦੀ 60ਵੀਂ ਵਰੇ੍ਹਗੰਢ 'ਤੇ ਹੋ ਰਿਹਾ ਹੈ | ਇਹ ਦੋਹਾਂ ਦੇਸ਼ਾਂ ਦੀ ਵਿਆਪਕ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਵੱਧਤਾ ਦੀ ਪੁਸ਼ਟੀ ਕਰਦਾ ਹੈ | ਵੋਂਗ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਇਕ ਉਚ ਪੱਧਰੀ ਵਫਦ ਵੀ ਦੌਰੇ 'ਤੇ ਆਇਆ ਹੈ |
ਭਾਰਤ ਦੇ ਪਹਿਲੇ ਦੌਰੇ 'ਤੇ ਪਹੁੰਚੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵੋਂਗ 5 ਅਹਿਮ ਸਮਝੌਤਿਆਂ 'ਤੇ ਹੋਣਗੇ ਦਸਤਖ਼ਤ <br/>
ਅਜੀਤ ਡੈਸਕ
03-09-2025