ਅਜਨਾਲਾ, 3 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੀ 28 ਅਗਸਤ ਨੂੰ ਅਜਨਾਲਾ, ਰਮਦਾਸ ਅਤੇ ਆਸ-ਪਾਸ ਦੇ ਕਰੀਬ 100 ਤੋਂ ਵੱਧ ਪਿੰਡਾਂ ਵਿਚ ਵੱਖ-ਵੱਖ ਥਾਵਾਂ ਤੋਂ ਰਾਵੀ ਦਰਿਆ ਵਿਚ ਪਾੜ ਪੈ ਜਾਣ ਕਾਰਨ ਹੋਈ ਬਰਬਾਦੀ ਨੇ ਲੋਕਾਂ ਦੀ ਜ਼ਿੰਦਗੀ 10 ਸਾਲ ਪਿੱਛੇ ਪਾ ਦਿੱਤੀ ਹੈ | ਠੇਕੇ 'ਤੇ ਜ਼ਮੀਨਾਂ ਲੈ ਕੇ ਵਾਹੀ (ਖੇਤੀ) ਕਰਕੇ ਪਹਿਲਾਂ ਹੀ ਬੜੀ ਮੁਸ਼ਕਿਲ ਨਾਲ ਆਪਣੇ ਘਰਾਂ ਦਾ ਗੁਜ਼ਾਰਾ ਕਰਨ ਵਾਲੇ ਛੋਟੇ ਕਿਸਾਨ ਅਤੇ ਮਜ਼ਦੂਰ ਵੱਡੇ ਫਿਕਰਾਂ ਵਿਚ ਹਨ ਅਤੇ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ ਹੈ | ਪਿਛਲੇ ਲਗਭਗ 10 ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦਾ ਜੀਣਾ ਹੋਰ ਜ਼ਿਆਦਾ ਦੁੱਬਰ ਕਰ ਦਿੱਤਾ ਹੈ | ਹਜ਼ਾਰਾਂ ਦੀ ਗਿਣਤੀ ਵਿਚ ਲੋਕ ਉੱਚੀਆਂ ਥਾਵਾਂ 'ਤੇ ਸੜਕਾਂ ਕਿਨਾਰੇ ਜ਼ਮੀਨ ਉਪਰ ਅਤੇ ਕਈ ਟਰਾਲੀਆਂ ਵਿਚ ਤਰਪਾਲਾਂ ਦੇ ਤੰਬੂ (ਆਰਜੀ ਘਰ) ਬਣਾ ਕੇ ਬਹੁਤ ਹੀ ਮੰਦੜੇ ਹਾਲਾਤਾਂ ਵਿਚ ਰਹਿਣ ਨੂੰ ਮਜ਼ਬੂਰ ਹਨ | ਬਜ਼ੁਰਗ ਮਾਤਾ ਸਵਰਨ ਕੌਰ ਤੇ ਹੋਰਨਾਂ ਨੇ ਦੱਸਿਆ ਕਿ 28 ਅਗਸਤ ਨੂੰ ਹੜ੍ਹ ਦੇ ਪਾਣੀ ਨੇ ਉਨ੍ਹਾਂ ਦਾ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਇਕਦਮ ਆਏ ਪਾਣੀ ਨੇ ਲੋਕਾਂ ਨੂੰ ਆਪਣਾ ਜਰੂਰੀ ਸਾਮਾਨ ਵੀ ਬਾਹਰ ਕੱਢਣ ਦਾ ਸਮਾਂ ਨਹੀਂ ਦਿੱਤਾ | ਕੁਝ ਲੋਕ ਤਾਂ ਪਸ਼ੂ ਅਤੇ ਆਪਣਾ ਥੋੜਾ ਬਹੁਤਾ ਸਾਮਾਨ ਲੈ ਕੇ ਬਾਹਰ ਉੱਚੀਆਂ ਥਾਵਾਂ 'ਤੇ ਆ ਗਏ ਅਤੇ ਜ਼ਿਆਦਾਤਰ ਲੋਕਾਂ ਵਲੋਂ ਸਿਰਫ ਤਨ ਦੇ ਕੱਪੜੇ ਨਾਲ ਭੱਜ ਕੇ ਆਪਣੀਆਂ ਜਾਨਾਂ ਮਸਾਂ ਬਚਾਈਆਂ ਗਈਆਂ | 'ਅਜੀਤ' ਦੀ ਟੀਮ ਨਾਲ ਗੱਲਬਾਤ ਕਰਦਿਆਂ ਪਿੰਡ ਬੇਦੀ ਛੰਨਾ ਦੀਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿਚ 10-10 ਫੁੱਟ ਪਾਣੀ ਚੜਨ ਕਾਰਨ ਅੰਦਰ ਪਏ ਕਣਕ ਦੇ ਦਾਣਿਆਂ ਵਾਲੇ ਡਰੰਮ ਭਿੱਜ ਕੇ ਖ਼ਰਾਬ ਹੋ ਗਏ ਹਨ ਅਤੇ ਖਾਣ ਲਈ ਕੁਝ ਵੀ ਨਹੀਂ ਬਚਿਆ ਹੈ | ਪਿੰਡ ਬੇਦੀ ਛੰਨਾ ਦੇ ਇਕ ਕਿਸਾਨ ਕੁਲਵਿੰਦਰ ਸਿੰਘ ਦੀ ਪਤਨੀ ਨੇ ਆਪਣਾ ਦੁੱਖੜਾ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਨਵਾਂ ਟਰੈਕਟਰ ਥੋੜਾ ਸਮਾਂ ਪਹਿਲਾਂ ਹੀ 10 ਲੱਖ ਦਾ ਖਰੀਦਿਆ ਸੀ ਅਤੇ ਉਸ ਦੀਆਂ ਅਜੇ ਦੋ ਹੀ ਕਿਸ਼ਤਾਂ ਭਰੀਆਂ ਸਨ, ਜੋ ਕਿ ਉਨ੍ਹਾਂ ਵਲੋਂ ਬਾਹਰ ਨਹੀਂ ਕੱਢਿਆ ਜਾ ਸਕਿਆ ਤੇ ਪਾਣੀ ਦੇ ਵਿਚ ਹੀ ਰੁੜ ਗਿਆ ਤੇ ਉਸਦਾ ਕੋਈ ਪਤਾ ਨਹੀਂ ਲੱਗ ਰਿਹਾ | ਇਸ ਤੋਂ ਇਲਾਵਾ ਸੋਲਰ ਸਿਸਟਮ ਅਤੇ 10 ਏਕੜ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ |