ਚੰਡੀਗੜ੍ਹ, 3 ਸਤੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕੇਸ ਨਾਲ ਸੰਬੰਧਿਤ ਪਟੀਸ਼ਨ 'ਤੇ ਸੁਣਵਾਈ ਕੀਤੀ | ਇਹ ਇੰਟਰਵਿਊ ਖਰੜ ਸਥਿਤ ਸੀ.ਆਈ.ਏ. ਦਫ਼ਤਰ 'ਚ ਕੀਤੀ ਗਈ ਸੀ, ਜਿਸ ਲਈ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ | ਇਹ ਮਾਮਲਾ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਅਤੇ ਜਸਟਿਸ ਦੀਪਕ ਮਨਚੰਦਾ ਦੇ ਹਾਈ ਕੋਰਟ ਬੈਂਚ ਦੇ ਸਾਹਮਣੇ ਆਇਆ | ਸੁਣਵਾਈ ਦੌਰਾਨ ਐਮੀਕਸ ਕਿਊਰੀ ਤਨੂੰ ਬੇਦੀ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਅਦਾਲਤ ਨਾਲ ਜੁੜ ਕੇ ਦਲੀਲਾਂ ਪੇਸ਼ ਕੀਤੀਆਂ | ਸੁਣਵਾਈ ਦੌਰਾਨ ਤਨੰੂ ਬੇਦੀ ਨੇ ਵਿਸ਼ੇਸ਼ ਜਾਂਚ ਟੀਮ ਵਲੋਂ ਪੇਸ਼ ਕੀਤੀ ਗਈ ਰਿਪੋਰਟ ਦਾ ਵਿਸ਼ਲੇਸ਼ਣ ਕਰਨ ਲਈ ਅਦਾਲਤ ਤੋਂ ਕੁਝ ਸਮਾਂ ਮੰਗਿਆ | ਇਸ 'ਤੇ ਅਦਾਲਤ ਨੇ ਉਨ੍ਹਾਂ ਦੀ ਮੰਗ ਨੂੰ ਸਵੀਕਾਰ ਕਰ ਲਿਆ ਅਤੇ ਉਨ੍ਹਾਂ ਨੂੰ ਰਿਪੋਰਟਾਂ ਦਾ ਡੂੰਘਾਈ ਨਾਲ ਅਧਿਐਨ ਕਰਨ ਦਾ ਮੌਕਾ ਦਿੱਤਾ | ਅਦਾਲਤ ਨੇ ਹੁਕਮ ਦਿੱਤਾ ਕਿ ਆਉਣ ਵਾਲੀ ਸੁਣਵਾਈ ਵਿਚ ਐਸ.ਆਈ.ਟੀ. ਮੁਖੀ ਪ੍ਰਬੋਧ ਕੁਮਾਰ ਅਤੇ ਐਮੀਕਸ ਕਿਊਰੀ ਤਨੂੰ ਬੇਦੀ ਨੂੰ ਨਿੱਜੀ ਤੌਰ 'ਤੇ ਅਦਾਲਤ ਵਿਚ ਪੇਸ਼ ਹੋਣਾ ਪਵੇਗਾ | ਅਦਾਲਤ ਨੇ ਮਾਮਲੇ ਦੀ ਵਿਸਥਾਰਤ ਸੁਣਵਾਈ ਲਈ ਅਗਲੀ ਤਰੀਕ 18 ਸਤੰਬਰ ਨਿਰਧਾਰਤ ਕੀਤੀ ਹੈ | ਉਸ ਦਿਨ ਰਿਪੋਰਟਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ ਅਤੇ ਅੱਗੇ ਦੀ ਕਾਰਵਾਈ ਦਾ ਫ਼ੈਸਲਾ ਕੀਤਾ ਜਾਵੇਗਾ | ਪਹਿਲਾਂ ਉਹ ਇਸ ਰਿਪੋਰਟ ਦਾ ਅਧਿਐਨ ਕਰਨਗੇ ਅਤੇ ਫਿਰ ਹੀ ਕੋਈ ਹੁਕਮ ਜਾਰੀ ਕੀਤਾ ਜਾਵੇਗਾ |