ਅਜਨਾਲਾ/ ਰਮਦਾਸ/ ਗੱਗੋਮਾਹਲ, 4 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਜਸਵੰਤ ਸਿੰਘ ਵਾਹਲਾ/ਬਲਵਿੰਦਰ ਸਿੰਘ ਸੰਧੂ)-28 ਅਗਸਤ ਨੂੰ ਰਾਵੀ ਦਰਿਆ ਵਿਚ ਆਏ ਭਿਆਨਕ ਹੜ੍ਹਾਂ ਤੇ ਪਾਣੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਵਿਧਾਨ ਸਭਾ ਹਲਕਾ ਅਜਨਾਲਾ ਦੇ ਇਲਾਕਿਆਂ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਵਲੋਂ ਸਰਹੱਦੀ ਕਸਬੇ ਰਮਦਾਸ ਦਾ ਦੌਰਾ ਕੀਤਾ ਗਿਆ | ਸੂਬੇ ਦੇ ਕੈਬਨਿਟ ਵਜੀਰ ਹਰਭਜਨ ਸਿੰਘ ਈ.ਟੀ.ਓ., ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਸਮੇਤ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪੁੱਜੇ ਸੰਜੇ ਸਿੰਘ ਵਲੋਂ ਹੜ੍ਹ ਪੀੜਤਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਨ੍ਹਾਂ ਨੂੰ ਰਾਹਤ ਸਮੱਗਰੀ ਅਤੇ ਦਵਾਈਆਂ ਵੀ ਵੰਡੀਆਂ ਗਈਆਂ | ਇਸ ਮੌਕੇ ਸੰਜੇ ਸਿੰਘ ਨੇ ਕਿਹਾ ਕਿ ਦੇਸ਼ ਦੇ ਕਿਸੇ ਵੀ ਕੋਨੇ ਵਿਚ ਕੁਦਰਤੀ ਆਫਤ ਆਉਣ 'ਤੇ ਲੋਕਾਂ ਦੀ ਸਹਾਇਤਾ ਲਈ ਹਮੇਸ਼ਾਂ ਪੰਜਾਬ ਵਾਸੀਆਂ ਨੇ ਮੋਹਰੀ ਰੋਲ ਅਦਾ ਕੀਤਾ ਹੈ, ਅੱਜ ਹੜਾਂ ਦੇ ਪਾਣੀਆਂ ਕਾਰਨ ਸੂਬੇ ਦੇ ਜਿਆਦਾਤਰ ਜ਼ਿਲ੍ਹੇ ਕੁਦਰਤੀ ਆਫਤ ਦਾ ਸਾਹਮਣਾ ਕਰ ਰਹੇ ਹਨ ਅਤੇ ਅੱਜ ਪੂਰੇ ਦੇਸ਼ ਨੂੰ ਰਾਜਨੀਤੀ ਤੇ ਪਾਰਟੀਬਾਜ਼ੀ ਤੋਂ ਉਪਰ ਉਠਕੇ ਪੰਜਾਬ ਵਾਸੀਆਂ ਦੀ ਮਦਦ ਲਈ ਇੱਕਜੁਟ ਹੋਣਾ ਚਾਹੀਦਾ ਹੈ | ਉਨ੍ਹਾਂ ਕੇਂਦਰ ਸਰਕਾਰ ਤੋਂ ਪੰਜਾਬ ਦੇ ਹੜ੍ਹ ਪੀੜਤ ਇਲਾਕਿਆਂ ਅੰਦਰ ਹੋਏ ਨੁਕਸਾਨ ਦੀ ਭਰਪਾਈ ਅਤੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਵਿਸੇਸ਼ ਆਰਥਿਕ ਪੈਕੇਜ ਦੇ ਐਲਾਨ ਦੀ ਮੰਗ ਕੀਤੀ | ਕੈਬਨਿਟ ਮੰਤਰੀ ਈ.ਟੀ.ਓ. ਨੇ ਕੇਂਦਰ ਸਰਕਾਰ ਤੋਂ ਪੰਜਾਬ ਦੇ ਰੋਕੇ ਹੋਏ 60 ਹਜ਼ਾਰ ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਇਸ ਨਾਲ ਸੂਬਾ ਸਰਕਾਰ ਹੜ੍ਹ ਪੀੜਤਾਂ ਦੀ ਯੋਗ ਮਦਦ ਕਰ ਸਕੇਗੀ | ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਸੀਂ ਹੜ੍ਹ ਪੀੜਤਾਂ ਨਾਲ ਖੜਦਿਆਂ ਹਰੇਕ ਵਿਅਕਤੀ ਤੱਕ ਰਾਸ਼ਨ ਤੇ ਹੋਰ ਸਹੂਲਤਾਂ ਮੁਹੱਈਆ ਕਰਵਾ ਰਹੇ ਹਾਂ | ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਜ਼ਿਲ੍ਹਾ ਪ੍ਰਧਾਨ ਪ੍ਰਭਬੀਰ ਸਿੰਘ ਬਰਾੜ, 'ਆਪ' ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਪ੍ਰਤਾਪ ਸਿੰਘ ਸੰਧੂ, ਬਲਜਿੰਦਰ ਸਿੰਘ ਢਿੱਲੋਂ ਥਾਂਦੇ, ਗੁਰਜੰਟ ਸਿੰਘ ਸੋਹੀ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਚੇਅਰਮੈਨ ਸੀਮਾ ਸੋਢੀ, ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਗੀਤਾ ਗਿੱਲ, ਸਰਪੰਚ ਜਸਵੰਤ ਸਿੰਘ ਗੱਗੋਮਾਹਲ, ਸਰਪੰਚ ਹਰਮੀਤ ਸਿੰਘ ਸਲੇਮਪੁਰਾ, ਸਰਪੰਚ ਸ਼ੇਰ ਸਿੰਘ ਅਵਾਣ, ਬਲਜੀਤ ਸਿੰਘ ਅੜਾਇਆ, ਸੰਤੋਖ ਸਿੰਘ ਜੌਹਲ, ਜੁਗਰਾਜ ਸਿੰਘ ਨਿੱਸੋਕੇ, ਸਰਪੰਚ ਜਸਬੀਰ ਸਿੰਘ ਚੇਤਨਪੁਰਾ ਤੋਂ ਇਲਾਵਾ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ |
ਸੰਜੇ ਸਿੰਘ ਵਲੋਂ ਰਮਦਾਸ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ <br/>
ਅਜੀਤ ਡੈਸਕ
05-09-2025