ਪਾਕਿਸਤਾਨ ’ਚ ਚੀਨੀ ਨਾਗਰਿਕਾਂ ਅਤੇ ਸੀ. ਪੀ. ਈ. ਸੀ. ਦੀ ਸੁਰੱਖਿਆ ਨੂੰ ਲੈ ਕੇ ਚੀਨ ਚਿੰਤਤ
ਅੰਮ੍ਰਿਤਸਰ, 6 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਕਰੀਬ 65 ਅਰਬ ਡਾਲਰ ਦੀ ਲਾਗਤ ਵਾਲੇ ਚੀਨ-ਪਾਕਿਸਤਾਨ ਆਰਥਿਕ ਲਾਂਘੇ (ਸੀ. ਪੀ.
ਅੰਮ੍ਰਿਤਸਰ, 6 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਕਰੀਬ 65 ਅਰਬ ਡਾਲਰ ਦੀ ਲਾਗਤ ਵਾਲੇ ਚੀਨ-ਪਾਕਿਸਤਾਨ ਆਰਥਿਕ ਲਾਂਘੇ (ਸੀ. ਪੀ. ਈ. ਸੀ.) ਅਤੇ ਚੀਨੀ ਨਾਗਰਿਕਾਂ ’ਤੇ ਹੋ ਰਹੇ ਘਾਤਕ ਹਮਲਿਆਂ ਕਾਰਨ ਚਿੰਤਤ ਚੀਨ ਨੇ ਆਪਣੇ ਵਿਸ਼ੇਸ਼ ਦੂਤ ਨੂੰ ਪਾਕਿ ਭੇਜਿਆ ਹੈ। ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਕੌਮਾਂਤਰੀ ਮਾਮਲਿਆਂ ਦੇ ਮੁਖੀ ਲਿਊ ਹੈਸ਼ਿੰਗ ਨੇ ਆਪਣੇ ਪਹਿਲੇ ਪਾਕਿ ਦੌਰੇ ਦੌਰਾਨ ਫ਼ੌਜ ਮੁਖੀ ਆਸਿਮ ਮੁਨੀਰ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨਾਲ ਉੱਚ-ਪੱਧਰੀ ਮੁਲਾਕਾਤਾਂ ਕੀਤੀਆਂ। ਚੀਨੀ ਆਗੂ ਲਿਊ ਨੇ ਸਪਸ਼ਟ ਕੀਤਾ ਕਿ ਬੀਜਿੰਗ ਸੀਪੈਕ ਪ੍ਰੋਜੈਕਟਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਾਕਿ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। ਦਰਅਸਲ, ਚੀਨ ਆਪਣੇ ਨਾਗਰਿਕਾਂ ਅਤੇ ਬੀ. ਆਰ. ਆਈ. ਪ੍ਰੋਜੈਕਟ ਦੀ ਰੱਖਿਆ ਲਈ ਪਾਕਿ ’ਚ ਆਪਣੇ ਸੁਰੱਖਿਆ ਕਰਮਚਾਰੀ ਤਾਇਨਾਤ ਕਰਨਾ ਚਾਹੁੰਦਾ ਹੈ ਪਰ ਪਾਕਿਸਤਾਨ ਇਸ ਗੱਲ ਲਈ ਤਿਆਰ ਨਹੀਂ ਹੈ। ਇਸੇ ਕਾਰਨ ਪਾਕਿ ’ਤੇ ਦਬਾਅ ਬਣਾਉਣ ਲਈ ਇਹ ਉੱਚ-ਪੱਧਰੀ ਦੌਰਾ ਕੀਤਾ ਗਿਆ। ਲਿਊ ਨੇ ਸ਼ਾਹਬਾਜ਼ ਸ਼ਰੀਫ਼ ਅਤੇ ਆਸਿਮ ਮੁਨੀਰ ਨਾਲ ਗੱਲਬਾਤ ਦੌਰਾਨ ਦੋ-ਟੂਕ ਸ਼ਬਦਾਂ ’ਚ ਇਹ ਸੁਨੇਹਾ ਦਿੱਤਾ ਕਿ ਬੀਜਿੰਗ ਉੱਚ-ਪੱਧਰੀ ਸੁਰੱਖਿਆ ਸਹਿਯੋਗ ਵਧਾਉਣਾ ਚਾਹੁੰਦਾ ਹੈ ਤਾਂ ਜੋ ਸਾਂਝੇ ਬੁਨਿਆਦੀ ਢਾਂਚੇ ਨੂੰ ਅੱਤਵਾਦੀ ਹਮਲਿਆਂ ਤੋਂ ਬਚਾਇਆ ਜਾ ਸਕੇ। ਆਸਿਮ ਮੁਨੀਰ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੇ ਇਸ ਸੁਰੱਖਿਆ ਸਹਿਯੋਗ ਦੇ ਬਦਲੇ ਦੋਸਤੀ ਮਜ਼ਬੂਤ ਕਰਨ ਅਤੇ ਸੀਪੈਕ 2.0 ਨੂੰ ਅੱਗੇ ਵਧਾਉਣ ਦੀ ਪੇਸ਼ਕਸ਼ ਵੀ ਰੱਖੀ। ਚੀਨ ਖ਼ਾਸ ਕਰਕੇ ਬਲੋਚਿਸਤਾਨ ਦੀ ਗਵਾਦਰ ਬੰਦਰਗਾਹ ਦੀ ਸੁਰੱਖਿਆ ’ਚ ਖ਼ੁਦ ਸ਼ਾਮਿਲ ਹੋਣਾ ਚਾਹੁੰਦਾ ਹੈ, ਕਿਉਂਕਿ ਬਲੋਚ ਵਿਦ੍ਰੋਹੀਆਂ ਵਲੋਂ ਗਵਾਦਰ ’ਚ ਪਾਕਿਸਤਾਨੀ ਫ਼ੌਜ ਅਤੇ ਚੀਨੀ ਨਾਗਰਿਕਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੂਜੇ ਪਾਸੇ, ਬਲੋਚ ਵਿਦ੍ਰੋਹੀਆਂ ਨੇ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਬਲੋਚਿਸਤਾਨ ਛੱਡ ਦੇਵੇ, ਨਹੀਂ ਤਾਂ ਹਮਲੇ ਜਾਰੀ ਰਹਿਣਗੇ।