ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਮਾਣੋਚਾਹਲ ਕਲਾਂ ਵਿਖੇ ਇਕ ਵਿਅਕਤੀ ਦੀ ਕੁਝ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ | ਮਾਮਲਾ ਮਿ੍ਤਕ ਦੀ ਭਾਬੀ ਨਾਲ ਇਕ ਹਮਲਾਵਰ ਦੇ ਨਾਜਾਇਜ਼ ਸੰਬੰਧ ਦਾ ਸਾਹਮਣੇ ਆਇਆ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਪਲਵਿੰਦਰ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਪਿੰਡ ਮਾਣੋਚਾਹਲ ਕਲਾਂ ਨੇ ਬਿਆਨ ਦਰਜ ਕਰਵਾਏ ਕਿ ਉਸ ਦਾ ਦਿਉਰ ਭੁਪਿੰਦਰ ਸਿੰਘ, ਜੋ ਨਸ਼ੇ ਕਰਨ ਦਾ ਆਦੀ ਹੈ, ਜਿਸ ਦੇ ਖ਼ਿਲਾਫ਼ ਮਾਮਲੇ ਦਰਜ ਹਨ, ਜਿਨ੍ਹਾਂ ਸੰਬੰਧੀ ਉਹ ਗੋਇੰਦਵਾਲ ਜੇਲ੍ਹ ਵਿਖੇ ਬੰਦ ਸੀ | ਇਸ ਦੌਰਾਨ ਬਲਵੰਤ ਸਿੰਘ ਦੀ ਦੋਸਤੀ ਮੇਰੀ ਦਰਾਣੀ ਸੋਨੀਆ ਪਤਨੀ ਭੁਪਿੰਦਰ ਸਿੰਘ ਨਾਲ ਹੋ ਗਈ | ਸੋਨੀਆ ਕੁਝ ਸਮੇਂ ਬਾਅਦ ਬਲਵੰਤ ਸਿੰਘ ਨਾਲ ਰਹਿਣ ਲੱਗ ਪਈ, ਜਿਸ ਦੀ ਦਿੱਲੀ ਵਾਸੀ ਚੋਹਲਾ ਸਾਹਿਬ ਤੇ ਹਰਪਾਲ ਸਿੰਘ ਵਾਸੀ ਬੰਗਾਲੀਪੁਰ ਜ਼ਿਲ੍ਹਾ ਤਰਨ ਤਾਰਨ ਮਦਦ ਕਰਦੇ ਸਨ | ਉਸ ਨੇ ਦੱਸਿਆ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਭੁਪਿੰਦਰ ਸਿੰਘ, ਸੋਨੀਆ ਨੂੰ ਘਰ ਲੈ ਕੇ ਆ ਗਿਆ ਅਤੇ ਬਾਅਦ ਵਿਚ ਸੋਨੀਆ ਨੂੰ ਪੇਕੇ ਭੇਜ ਦਿੱਤਾ | 3 ਸਤੰਬਰ ਨੂੰ ਮੈਂ ਤੇ ਮੇਰਾ ਪਤੀ ਦਿਲਬਾਗ ਸਿੰਘ, ਜੇਠ ਗੁਰਸਾਹਿਬ ਸਿੰਘ ਘਰ ਵਿਚ ਮੌਜੂਦ ਸੀ ਤਾਂ ਦਿੱਲੀ, ਹਰਪਾਲ ਇਕ ਕਾਰ ਵਿਚ ਆਏ ਅਤੇ 2 ਅਣਪਛਾਤੇ ਵਿਅਕਤੀ ਐਕਟਿਵਾ 'ਤੇ ਆਏ, ਜਿਨ੍ਹਾਂ ਪਾਸ ਹਥਿਆਰ ਸਨ | ਉਕਤ ਵਿਅਕਤੀ ਮੇਰੇ ਪਤੀ ਨਾਲ ਝਗੜਾ ਕਰਨ ਲੱਗ ਪਏ, ਜਿਸ ਦੌਰਾਨ ਦਿੱਲੀ ਨੇ ਆਪਣੇ ਹੱਥ ਵਿਚ ਫ਼ੜੇ ਪਿਸਟਲ ਨਾਲ ਮੇਰੇ ਪਤੀ ਉਪਰ ਫਾਇਰ ਕਰ ਦਿੱਤਾ ਤਾਂ ਉਸ ਦਾ ਪਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਜ਼ਮੀਨ 'ਤੇ ਡਿੱਗ ਪਿਆ | ਜ਼ਖ਼ਮੀ ਹਾਲਤ ਵਿਚ ਜਦੋਂ ਉਹ ਆਪਣੀ ਪਤੀ ਨੂੰ ਸਿਵਲ ਹਸਪਤਾਲ ਤਰਨ ਤਾਰਨ ਲੈ ਕੇ ਜਾ ਰਹੇ ਸਨ ਤਾਂ ਹਸਪਤਾਲ ਪੁੱਜਦੇ ਉਸ ਦੀ ਮੌਤ ਹੋ ਗਈ | ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |