ਸਤਿੰਦਰ ਸਿੰਘ
ਬਟਾਲਾ, 4 ਸਤੰਬਰ-ਹੜ੍ਹ ਦੇ ਪਾਣੀ ਦੇ ਕਹਿਰ ਵਰਗੇ ਔਖੇ ਹਾਲਾਤਾਂ 'ਚ ਵੀ ਪੰਜਾਬੀਆਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਪੀਠਾ ਕੀਤਾ ਹੈ ਅਤੇ ਹਰ ਵਰਗ ਦੇ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾ ਕੇ ਆਪਣੀ ਵੱਖਰੀ ਪਛਣ ਨੂੰ ਕਾਇਮ ਰੱਖਦਿਆਂ ਲੋਕਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਗਾਉਣ ਲਈ ਸਾਰਾ ਪੰਜਾਬੀ ਭਾਈਚਾਰਾ ਪੱਬਾਂਭਾਰ ਖੜ੍ਹਾ ਦਿਖਾਈ ਦੇ ਰਿਹਾ ਹੈ | ਹੜ੍ਹ ਦੇ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਦੇ ਕਿਸਾਨਾਂ ਦੀਆਂ ਜਿਥੇ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ, ਉਥੇ ਆਮ ਲੋਕਾਂ ਤੇ ਕਿਸਾਨਾਂ ਵਲੋਂ ਕਣਕ ਦੀ ਬਿਜਾਈ ਕਰਨ ਲਈ ਰੱਖਿਆ ਬੀਜ, ਖਾਣ ਲਈ ਘਰਾਂ ਅੰਦਰ ਡਰੰਮਾਂ 'ਚ ਪਾਏ ਦਾਣੇ, ਪਸ਼ੂਆਂ ਦਾ ਚਾਰਾ ਵੀ ਖ਼ਰਾਬ ਹੋ ਗਿਆ ਹੈ | ਰਾਵੀ ਦਰਿਆ ਨੇੜੇ ਪਿੰਡਾਂ ਦੇ ਮੁਰੱਬਿਆਂ ਦੀਆਂ ਜ਼ਮੀਨਾਂ ਦੇ ਮਾਲਕ ਸਮਰਥ ਕਿਸਾਨਾਂ ਵਲੋਂ ਪਾਈਆਂ ਕਰੋੜਾਂ ਦੀਆਂ ਕੋਠੀਆਂ ਪਾਣੀ ਦੀ ਮਾਰ ਨੇ ਮਿੱਟੀ 'ਚ ਮਿਲਾ ਦਿੱਤੀਆਂ | ਹਾਲਾਤ ਬਹੁਤ ਗੰਭੀਰ ਬਣੇ ਹੋਏ ਹਨ | ਇਸ ਬਿਪਤਾ ਨਾਲ ਨਜਿੱਠਣ ਅਤੇ ਆਪਣੇ ਪੰਜਾਬੀ ਭਰਾਵਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਗਾਉਣ ਲਈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਕਜੁੱਟਤਾ ਦੀ ਮਿਸਾਲ ਦਿੰਦਿਆਂ ਪੰਜਾਬੀਆਂ ਨੇ ਹਰ ਵਰਗ ਦੇ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮਗਰੀ, ਦਵਾਈਆਂ, ਲੋੜੀਂਦੀਆਂ ਵਸਤਾਂ, ਪਸ਼ੂਆਂ ਲਈ ਚਾਰਾ ਤੇ ਲੰਗਰ ਦਿਨ-ਰਾਤ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪਹੁੰਚਾ ਕੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਕੌਮ ਦੇ ਮਾਣ ਨੂੰ ਜਿੰਦਾ ਰੱਖਣ ਵਿਚ ਸਹਾਈ ਹੋਏ ਜਾਪਦੇ ਹਨ | ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਖ਼ਾਲਸਾ ਏਡ, ਹਰਿਆਣਾ ਦੀਆਂ ਸਿੱਖ ਸੰਗਤਾਂ, ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਰਾਜਸਥਾਨ ਦੀਆਂ ਸੰਗਤਾਂ ਤੇ ਪੰਜਾਬ ਦੀਆਂ ਸਾਰੀਆਂ ਧਾਰਮਿਕ ਸਭਾ ਸੁਸਾਇਟੀਆਂ ਤੇ ਸੰਪਰਦਾਵਾਂ, ਮੁਸਲਿਮ ਤੇ ਇਸਾਈ ਭਾਈਚਾਰਾ ਵੀ ਬਿਨਾਂ ਕਿਸੇ ਭੇਦਭਾਵ ਦੇ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋਏ ਆਪਣੇ ਭੈਣ-ਭਰਾਵਾਂ ਦੀ ਸੇਵਾ 'ਚ ਲੱਗੀਆਂ ਹੋਈਆਂ ਹਨ | ਜਿਥੇ ਇਕ ਮਸ਼ਹੂਰ ਪੰਜਾਬੀ ਗਾਇਕ ਨੇ 200 ਘਰਾਂ ਦੀ ਸਹਾਇਤਾ ਅਤੇ ਇਕ ਨੇ 10 ਪਿੰਡਾਂ ਨੂੰ ਗੋਦ ਹੀ ਲੈ ਲਿਆ ਹੈ | ਇਥੋਂ ਤੱਕ ਕਿ ਕੁਝ ਨੇ ਤਾਂ ਉਨ੍ਹਾਂ ਲਈ ਅਸਥਾਈ ਆਸਰੇ ਬਣਾਉਣੇ ਵੀ ਸ਼ੁਰੂ ਕਰ ਦਿੱਤੇ ਹਨ | ਪ੍ਰਭਾਵਿਤ ਪਿੰਡਾਂ 'ਚ ਜਿਥੇ ਲੋਕ ਰਾਹਤ ਸਮੱਗਰੀ ਲੈ ਕੇ ਜਾਂਦੇ ਹਨ, ਸੜਕਾਂ 'ਤੇ ਖੜੇ ਲੋਕ ਦੂਰ-ਦੁਰਾਡੇ ਤੋਂ ਸੇਵਾ ਲਈ ਆਏ ਲੋਕਾਂ ਲਈ ਚਾਹ-ਪਾਣੀ ਅਤੇ ਲੰਗਰ ਲੈ ਕੇ ਖਲੋਤੇ ਹੁੰਦੇ ਹਨ | ਜ਼ਿੰਦਗੀ ਦੇ ਅਜਿਹੇ ਔਖੇ ਹਲਾਤਾਂ 'ਚ ਵੀ ਲੋਕ ਆਪਸੀ ਮੋਹ-ਪਿਆਰ ਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਦੇ ਦਿਖਾਈ ਦੇ ਰਹੇ ਹਨ | ਦੂਜੇ ਪਾਸੇ, ਮੁਲਕ ਦੇ ਅੰਨ ਭੰਡਾਰ 'ਚ 60 ਫ਼ੀਸਦੀ ਤੱਕ ਹਿੱਸਾ ਪਾਉਣ ਵਾਲੇ ਇਸ ਸੂਬੇ ਦੇ ਹਰ ਕਿਸਾਨ ਪਰਿਵਾਰ ਸਿਰ ਚੜਿਆ 74,121 ਰੁਪਏ ਦਾ ਔਸਤਨ ਕਰਜ਼ਾ ਮੁਆਫ ਕਰਕੇ ਸਰਕਾਰਾਂ ਵਲੋਂ ਉਨ੍ਹਾਂ ਦੇ ਜਖ਼ਮਾਂ 'ਤੇ ਮੱਲ੍ਹਮ ਪੱਟੀ ਲਗਾਈ ਜਾ ਸਕਦੀ ਹੈ |
1988 ਤੋਂ ਬਾਅਦ ਦੂਜਾ ਵੱਡਾ ਹੜ੍ਹ
ਪੰਜਾਬ ਦੇ ਹੁਣ ਤੱਕ 22 ਜ਼ਿਲਿ੍ਹਆਂ ਦੇ 1655 ਪਿੰਡ ਹੜ੍ਹਾਂ ਦੀ ਲਪੇਟ ਵਿਚ ਆ ਚੁੱਕੇ ਹਨ, ਜਿਨ੍ਹਾਂ ਦੇ 3 ਲੱਖ 55 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ | ਆਲੀਸ਼ਾਨ ਕੋਠੀਆਂ ਤੋਂ ਲੈ ਕੇ ਲਗਭਗ 1,75,216 ਹੈਕਟੇਅਰ ਵਿਚ ਫਸਲਾਂ 5 ਤੋਂ 15 ਫੁੱਟ ਪਾਣੀ ਵਿਚ ਡੱੁਬੀਆਂ ਹੋਈਆਂ ਹਨ | ਪਸ਼ੂਆਂ ਅਤੇ ਘਰਾਂ ਦਾ ਵੀ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ, ਪ੍ਰੰਤੂ ਹੜ੍ਹ ਦੇ ਪਾਣੀ ਵਿਚ ਕਿੰਨੇ ਪਸ਼ੂ ਰੁੜ ਗਏ ਹਨ, ਕਿੰਨੇ ਘਰਾਂ ਦਾ ਨੁਕਸਾਨ ਹੋਇਆ ਹੈ, ਇਸ ਦੀ ਜਾਣਕਾਰੀ ਭਾਵੇਂ ਬਾਅਦ ਵਿਚ ਸਰਵੇ ਨਾਲ ਹੋਵੇਗੀ, ਪ੍ਰੰਤੂ ਹਰ ਦਿਨ ਵਿਗੜ ਰਹੀ ਸਥਿਤੀ ਨੂੰ ਦੇਖਿਆ ਜਾਵੇ ਤਾਂ 1988 ਤੋਂ ਬਾਅਦ ਦੂਜੇ ਸਭ ਤੋਂ ਵੱਡੇ ਹੜ੍ਹ ਸਾਬਤ ਹੋ ਰਹੇ ਹਨ |
ਹੜ੍ਹਾਂ ਦੀ ਤਬਾਹੀ ਦੇ ਮੰਜਰ 'ਚ ਵੀ ਪੰਜਾਬੀਆਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਕੀਤਾ ਮਜ਼ਬੂਤ <br/>
ਅਜੀਤ ਡੈਸਕ
05-09-2025