ਹੜ੍ਹਾਂ ਕਰਕੇ 7000 ਬਿਜਲੀ ਦੇ ਖੰਭਿਆਂ, 2300 ਟਰਾਂਸਫਾਰਮਰਾਂ ਨੂੰ ਪੁੱਜਾ ਨੁਕਸਾਨ <br/>
ਅਜੀਤ ਡੈਸਕ
06-09-2025
ਜਲੰਧਰ, 5 ਸਤੰਬਰ-ਇਸ ਵਾਰ ਕਹਿਰ ਦੇ ਆਏ ਹੜ੍ਹਾਂ ਕਰਕੇ ਪੰਜਾਬ ਵਿਚ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ, ਜਿਨ੍ਹਾਂ ਦੀ ਲੰਬੇ ਸਮੇਂ ਤੱਕ ਭਰਪਾਈ ਹੋਣੀ ਸੰਭਵ ਨਹੀਂ ਹੋ ਸਕੇਗੀ | ਬਿਜਲੀ ਖੇਤਰ ਵਿਚ ਇਸ ਵਾਰ ਆਏ ਹੜ੍ਹਾਂ ਕਰਕੇ ਪਾਵਰਕਾਮ ਨੂੰ ਕਰੀਬ 60 ਕਰੋੜ ਦਾ ਨੁਕਸਾਨ ਹੋਇਆ ਹੈ | ਪਾਵਰਕਾਮ ਅਧਿਕਾਰੀਆਂ ਕੋਲ ਇਸ ਬਾਰੇ ਹੁਣ ਤੱਕ ਹੋਏ ਨੁਕਸਾਨ ਦੀਆਂ ਰਿਪੋਰਟਾਂ ਪੁੱਜੀਆਂ ਹਨ, ਉਨਾਂ ਵਿਚ ਟਰਾਂਸਫ਼ਾਰਮਰਾਂ ਤੋਂ ਇਲਾਵਾ ਬਿਜਲੀ ਤਾਰਾਂ, ਖੰਭੇ ਤੇ ਹੋਰ ਸਾਮਾਨ ਵੀ ਸ਼ਾਮਿਲ ਹੈ | ਇਕ ਜਾਣਕਾਰੀ ਮੁਤਾਬਕ, ਜਿਨ੍ਹਾਂ ਇਲਾਕਿਆਂ ਵਿਚ ਭਾਰੀ ਹੜ੍ਹ ਆਏ ਹਨ, ਉਨਾਂ ਥਾਵਾਂ 'ਤੇ 7000 ਕਰੀਬ ਦੇ ਬਿਜਲੀ ਦੇ ਖੰਭੇ ਅਤੇ ਵੱਖ-ਵੱਖ ਸਮਰੱਥਾ ਵਾਲੇ 2300 ਟਰਾਂਸਫ਼ਾਰਮਰਾਂ ਨੰੂ ਨੁਕਸਾਨ ਪੁੱਜਾ ਹੈ | ਹੜ੍ਹਾਂ ਵਾਲੇ ਇਲਾਕਿਆਂ ਵਿਚ 8000 ਕਿਲੋਮੀਟਰ ਬਿਜਲੀ ਦੀਆਂ ਤਾਰਾਂ ਅਤੇ ਕੰਡਕਟਰਾਂ ਨੂੰ ਨੁਕਸਾਨ ਪੁੱਜਾ ਹੈ, ਕਿਉਂਕਿ ਹੜ੍ਹਾਂ ਦਾ ਕਾਫੀ ਪਾਣੀ ਭਰਨ ਕਰਕੇ ਬਿਜਲੀ ਖੰਭਿਆਂ ਦੇ ਨਾਲ ਹੀ ਬਿਜਲੀ ਤਾਰਾਂ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ | ਅਧਿਕਾਰੀਆਂ ਮੁਤਾਬਕ ਹੜ੍ਹਾਂ ਵਾਲੇ ਖੇਤਰ ਵਿਚ 22 ਦੇ ਕਰੀਬ ਬਿਜਲੀ ਘਰ ਪ੍ਰਭਾਵਿਤ ਹੋਏ ਹਨ, ਜਦੋਂਕਿ ਜਿਨਾਂ ਥਾਵਾਂ 'ਤੇ ਅਜੇ ਪਾਣੀ ਭਰਿਆ ਹੋਇਆ ਹੈ, ਉਥੇ ਬਿਜਲੀ ਸਿਸਟਮ ਨੂੰ ਠੀਕ ਕਰਨ ਲਈ ਪਾਵਰਕਾਮ ਨੂੰ ਸਮਾਂ ਲੱਗ ਸਕਦਾ ਹੈ | ਪਾਵਰਕਾਮ ਦੇ ਸੂਤਰਾਂ ਦਾ ਕਹਿਣਾ ਹੈ ਕਿ ਬਿਜਲੀ ਸਿਸਟਮ ਨੂੰ ਵੱਡਾ ਨੁਕਸਾਨ ਪੁੱਜਾ ਹੈ ਅਤੇ ਹਾਲਾਤ ਆਮ ਹੋਣ ਤੋਂ ਬਾਅਦ ਉਥੇ ਜੰਗੀ ਪੱਧਰ 'ਤੇ ਬਿਜਲੀ ਸਿਸਟਮ ਨੂੰ ਠੀਕ ਕਰਨ ਦਾ ਕੰਮ ਕੀਤਾ ਜਾਵੇਗਾ, ਜਦੋਂਕਿ ਪਾਵਰਕਾਮ ਦੇ ਮੁਲਾਜ਼ਮ ਹੜ੍ਹਾਂ ਦੇ ਪਹਿਲੇ ਦਿਨ ਤੋਂ ਹੀ ਸਰਗਰਮ ਹਨ | ਚੇਤੇ ਰਹੇ ਕਿ ਲੁਧਿਆਣਾ ਅਤੇ ਜਲੰਧਰ ਵਰਗੇ ਸ਼ਹਿਰੀ ਖੇਤਰ ਵਿਚ ਵੀ ਪਾਣੀ ਭਰਨ ਕਰਕੇ ਬਿਜਲੀ ਸਿਸਟਮ ਦਾ ਨੁਕਸਾਨ ਹੋਇਆ ਹੈ |