ਪਟਿਆਲਾ, 5 ਸਤੰਬਰ (ਧਰਮਿੰਦਰ ਸਿੰਘ ਸਿੱਧੂ)-14 ਲੱਖ ਦੇ ਕਰੀਬ ਆਂਗਣਵਾੜੀ ਕੇਂਦਰ ਤੇ 9 ਲੱਖ ਦੇ ਕਰੀਬ ਪ੍ਰਾਇਮਰੀ ਸਕੂਲ ਦੇਸ਼ ਭਰ ਵਿਚ ਚੱਲ ਰਹੇ ਹਨ | ਇਸ ਤੋਂ ਇਲਾਵਾ 3 ਲੱਖ ਆਂਗਣਵਾੜੀ ਕੇਂਦਰ ਪਹਿਲਾਂ ਤੋਂ ਹੀ ਸਕੂਲ ਕੰਪਲੈਕਸਾਂ 'ਚ ਚੱਲ ਰਹੇ ਹਨ | ਸਿੱਖਿਆ ਤੇ ਮਹਿਲਾ ਬਾਲ ਵਿਕਾਸ ਮੰਤਰਾਲੇ ਵਲੋਂ ਵੱਡੇ ਫ਼ੈਸਲਾ ਲੈਂਦਿਆਂ ਹੁਣ ਦੇਸ਼ ਭਰ ਦੇ ਆਂਗਣਵਾੜੀ ਕੇਂਦਰ ਕਿਸੇ ਨਾ ਕਿਸੇ ਪ੍ਰਾਇਮਰੀ ਸਕੂਲ ਨਾਲ ਜੋੜਨ ਦੀ ਗੱਲ ਆਖੀ ਗਈ ਹੈ | ਇਹ ਫ਼ੈਸਲਾ ਜਿਥੇ ਆਂਗਣਵਾੜੀ ਅਤੇ ਦੂਜੇ ਸਕੂਲੀ ਬੱਚਿਆਂ ਦੇ ਸਮੁੱਚੇ ਵਿਕਾਸ ਨੂੰ ਸਾਂਝੇ ਤੌਰ 'ਤੇ ਉਚਾਈਆਂ ਦੇਵੇਗਾ, ਉਥੇ ਹੀ ਇਸ ਫ਼ੈਸਲੇ 'ਚ ਕੁਝ ਅਹਿਮ ਨਿਯਮ ਵੀ ਤੈਅ ਕੀਤੇ ਗਏ ਹਨ | ਫ਼ੈਸਲੇ ਅਨੁਸਾਰ ਜਿਨ੍ਹਾਂ ਪਿੰਡਾਂ ਵਿਚ ਸਕੂਲ ਪਹਿਲਾਂ ਤੋਂ ਹੋਣਗੇ, ਆਂਗਣਵਾੜੀ ਕੇਂਦਰਾਂ ਨੂੰ ਉਸੇ ਸਕੂਲ ਵਿਚ ਤਬਦੀਲ ਕਰ ਦਿੱਤਾ ਜਾਵੇਗਾ, ਜਦੋਂਕਿ ਜਿਹੜੇ ਪਿੰਡ ਸਕੂਲ ਤੋਂ ਸੱਖਣੇ ਹਨ, ਉਥੇ ਆਂਗਣਵਾੜੀ ਕੇਂਦਰ ਨੇੜਲੇ ਪ੍ਰਾਇਮਰੀ ਸਕੂਲਾਂ ਨਾਲ ਜੋੜ ਦਿੱਤੇ ਜਾਣਗੇ | ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ.) ਤਹਿਤ ਬੱਚਿਆਂ ਨੂੰ 3 ਸਾਲ ਦੀ ਉਮਰ ਤੋਂ ਹੀ ਪੜ੍ਹਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਸਕੂਲੀ ਸਿੱਖਿਆ ਸਕੱਤਰ ਸੰਜੇ ਕੁਮਾਰ, ਮਹਿਲਾ ਤੇ ਬਾਲ ਵਿਕਾਸ ਸਕੱਤਰ ਅਨਿਲ ਮਲਿਕ ਵਲੋਂ ਦੋਵੇਂ ਮੰਤਰਾਲਿਆਂ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਵਿਚ ਸਾਫ਼ ਕੀਤਾ ਗਿਆ ਕਿ ਇਕ ਸਕੂਲ ਕੰਪਲੈਕਸ ਵਿਚ ਦੋ ਤੋਂ ਵੱਧ ਆਂਗਣਵਾੜੀ ਕੇਂਦਰਾਂ ਨੂੰ ਤਬਦੀਲ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਆਂਗਣਵਾੜੀ ਕੇਂਦਰ ਨੂੰ ਸ਼ਹਿਰਾਂ ਵਿਚ 500 ਮੀਟਰ ਤੇ ਪੇਂਡੂ ਖੇਤਰਾਂ ਵਿਚ ਇਕ ਕਿਲੋਮੀਟਰ ਤੋਂ ਜ਼ਿਆਦਾ ਦੂਰੀ 'ਤੇ ਸ਼ਿਫ਼ਟ ਕੀਤਾ ਜਾਵੇਗਾ | ਆਂਗਣਵਾੜੀ ਅਤੇ ਸਕੂਲ ਦੇ ਬੱਚਿਆਂ ਦਾ ਸਾਂਝਾ ਵਿਹੜਾ ਜਿਥੇ ਬੱਚਿਆਂ ਦੇ ਵਿਕਾਸ ਨੂੰ ਹਰ ਪੱਖੋਂ ਨਵੀਆਂ ਉਚਾਈਆਂ ਦੇਵੇਗਾ, ਉਥੇ ਹੀ ਇਹ ਅਧਿਆਪਕ ਤੇ ਆਂਗਣਵਾੜੀ ਵਰਕਰਾਂ ਵਿਚਾਲੇ ਚੰਗਾ ਤਾਲਮੇਲ ਸਥਾਪਿਤ ਕਰੇਗਾ | ਇਸ ਤੋਂ ਇਲਾਵਾ ਪੜ੍ਹਾਈ ਦੀ ਬਿਹਤਰ ਤਕਨੀਕ ਦੀ ਵਰਤੋਂ 'ਤੇ ਜੋਰ ਦਿੱਤਾ ਜਾਵੇਗਾ | ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਤਾਲਮੇਲ ਲਈ ਬੈਠਕਾਂ ਕਰਨਗੇ ਅਤੇ ਹਰ ਸਕੂਲ ਕੰਪਲੈਕਸ ਵਿਚ ਆਂਗਣਵਾੜੀ ਕੇਂਦਰ ਲਈ ਇਕ ਹਵਾਦਾਰ ਤੇ ਸੁਰੱਖਿਅਤ ਕਮਰਾ ਹੋਵੇਗਾ |