ਨਵੀਂ ਦਿੱਲੀ, 5 ਸਤੰਬਰ (ਪੀ.ਟੀ.ਆਈ)-ਭਾਰਤ ਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਵਲੋਂ ਨਵੀਂ ਦਿੱਲੀ ਵਲੋਂ ਰੂਸ ਤੋਂ ਕੱਚਾ ਤੇਲ ਖਰੀਦ ਕਰਨ 'ਤੇ ਕੀਤੀਆਂ ਗਈਆਂ 'ਗਲਤ ਅਤੇ ਗੁੰਮਰਾਹਕੁੰਨ' ਅਪਮਾਨਜਨਕ ਟਿੱਪਣੀਆਂ ਨੂੰ ਰੱਦ ਕੀਤਾ ਹੈ | ਵਿਦੇਸ਼ ਮਾਮਲਿਆਂ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸੀਂ ਨਵਾਰੋ ਵਲੋਂ ਕੀਤੀਆਂ ਗਈਆਂ ਗਲਤ ਅਤੇ ਗੁੰਮਰਾਹਕੁੰਨ ਟਿੱਪਣੀਆਂ ਨੂੰ ਦੇਖਿਆ ਹੈ ਅਤੇ ਸਪੱਸ਼ਟ ਤੌਰ 'ਤੇ ਰੱਦ ਕਰਦੇ ਹਾਂ | ਬੀਤੇ ਹਫਤੇ ਨਵਾਰੋ ਨੇ ਭਾਰਤ 'ਤੇ ਕਰੈਮਲਿਨ ਲਈ ਤੇਲ ਮਨੀ ਲਾਂਡਰੋਮੈਟ ਦਾ ਦੋਸ਼ ਲਗਾਉਂਦਿਆਂ ਇਸ ਨੂੰ 'ਰਣਨੀਤਕ ਮੁਫਤਖੋਰੀ' ਦੱਸਿਆ ਸੀ | ਨਵੀਂ ਦਿੱਲੀ ਲਗਾਤਾਰ ਰੂਸੀ ਹਥਿਆਰ ਖਰੀਦ ਰਹੀ ਹੈ, ਜਦੋਂ ਕਿ ਅਮਰੀਕੀ ਰੱਖਿਆ ਫਰਮਾਂ 'ਤੇ ਸੰਵੇਦਨਸ਼ੀਲ ਫੌਜੀ ਤਕਨਾਲੌਜੀਆਂ ਤਬਦੀਲ ਕਰਨ ਅਤੇ ਭਾਰਤ 'ਚ ਮੈਨੂੰਫੈਕਚਰਿੰਗ ਪਲਾਂਟ ਲਗਾਉਣ ਲਈ ਜ਼ੋਰ ਪਾ ਰਹੀ ਹੈ | ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਨਵੀਂ ਦਿੱਲੀ 'ਤੇ ਹਮਲਾ ਕਰਦਿਆਂ ਕਿਹਾ ਕਿ ਜੇਕਰ ਭਾਰਤ ਦੁਨੀਆ ਦਾ ਵੱਡਾ ਲੋਕਤੰਤਰ ਹੈ ਤੇ ਅਮਰੀਕਾ ਦੇ ਰਣਨੀਤਕ ਭਾਈਵਾਲ ਵਜੋਂ ਵਿਵਹਾਰ ਚਾਹੁੰਦਾ ਹੈ ਤਾਂ ਉਸ ਨੂੰ ਉਸ ਵਰਗਾ ਵਿਵਹਾਰ ਕਰਨਾ ਚਾਹੀਦਾ ਹੈ | ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤੀ ਵਸਤੂਆਂ 'ਤੇ ਲਾਏ ਗਏ 50 ਫੀਸਦੀ ਟੈਰਿਫ ਦੇ ਨਾਲ ਰੂਸੀ ਕੱਚਾ ਤੇਲ ਖ੍ਰੀਦ 'ਤੇ ਲਾਏ ਗਏ 25 ਫੀਸਦੀ ਵਾਧੂ ਟੈਰਿਫ ਤੋਂ ਬਾਅਦ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦੇ ਸਬੰਧਾਂ 'ਚ ਦਰਾਰ ਆ ਗਈ ਹੈ |