ਅੰਮਿ੍ਤਸਰ, 5 ਸਤੰਬਰ (ਜਸਵੰਤ ਸਿੰਘ ਜੱਸ)-ਖ਼ੁਦਮੁਖ਼ਤਿਆਰ ਸਿੱਖ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਵਿਖੇ ਸਾਲ 2025-26 ਦੇ ਵਿੱਦਿਅਕ ਸੈਸ਼ਨ ਸੰਬੰਧੀ ਪੀ.ਐੱਚ. ਡੀ. ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਤਹਿਤ ਹੁਣ ਵਿਦਿਆਰਥੀ ਐਗਰੀਕਲਚਰ, ਕੈਮਿਸਟਰੀ, ਫ਼ਿਜ਼ਿਕਸ, ਪੰਜਾਬੀ ਅਤੇ ਜ਼ੂੂਆਲੋਜੀ ਵਿਸ਼ਿਆਂ ਨਾਲ ਸੰਬੰਧਿਤ ਆਪਣੀ ਪੀ.ਐੱਚ.ਡੀ. ਦੀ ਵਿੱਦਿਆ ਕਾਲਜ ਵਿਖੇ ਪੂਰੀ ਕਰ ਸਕਣਗੇ | ਖ਼ਾਲਸਾ ਕਾਲਜ ਪੰਜਾਬ ਦਾ ਅਜਿਹਾ ਪਹਿਲਾ ਕਾਲਜ ਬਣ ਗਿਆ ਹੈ, ਜਿਸ ਨੂੰ ਖ਼ੁਦਮੁਖ਼ਤਿਆਰ ਤੌਰ 'ਤੇ ਪੀ.ਐੱਚ.ਡੀ. ਸ਼ੁਰੂ ਕਰਨ ਦੀ ਪ੍ਰਵਾਨਗੀ ਮਿਲੀ ਹੈ | ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਕੇਵਲ ਖ਼ਾਲਸਾ ਕਾਲਜ ਦੀ ਨਹੀਂ, ਸਗੋਂ ਪੂਰੇ ਪੰਜਾਬ ਦੀ ਅਕਾਦਮਿਕ ਦੁਨੀਆ ਲਈ ਇਕ ਇਤਿਹਾਸਕ ਉਪਲਬੱਧੀ ਹੈ | ਕਾਲਜ ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਵੱਖ-ਵੱਖ ਵਿਸ਼ਿਆਂ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਨਿਰੀਖਣ ਟੀਮਾਂ ਭੇਜੀਆਂ ਗਈਆਂ ਸਨ, ਜਿਨ੍ਹਾਂ ਵਲੋਂ ਕਾਲਜ ਦੀਆਂ ਅਕਾਦਮਿਕ ਪ੍ਰਾਪਤੀਆਂ, ਖੋਜ ਸੰਬੰਧੀ ਬੁਨਿਆਦੀ ਢਾਂਚੇ, ਖੋਜ ਸਰੋਤ, ਲੈਬਾਂ, ਲਾਇਬ੍ਰੇਰੀਆਂ, ਪ੍ਰੀਖਿਆ ਪ੍ਰਣਾਲੀ, ਇਤਿਹਾਸਕ ਮਹੱਤਤਾ ਅਤੇ ਆਟੋਨੋਮਸ ਸਟੇਟਸ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ | ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ 'ਵਰਸਿਟੀ ਨੇ ਐਗਰੀਕਲਚਰ, ਕੈਮਿਸਟਰੀ, ਫਿਜ਼ਿਕਸ, ਪੰਜਾਬੀ ਅਤੇ ਜ਼ੂਆਲੋਜੀ ਸਮੇਤ ਪੰਜ ਵਿਸ਼ਿਆਂ 'ਚ ਸੈਸ਼ਨ 2025-26 ਤੋਂ ਕਾਲਜ ਨੂੰ ਪੀਐਚ. ਡੀ. ਪ੍ਰੋਗਰਾਮ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ | ਡਾ. ਰੰਧਾਵਾ ਨੇ ਕਿਹਾ ਕਿ ਕਾਲਜ ਨੇ ਆਪਣੀਆਂ ਅਕਾਦਮਿਕ ਪ੍ਰਾਪਤੀਆਂ ਦੇ ਆਧਾਰ 'ਤੇ ਨੈਕ ਵਲੋਂ ਏ+ ਗ੍ਰੇਡ ਹਾਸਿਲ ਕੀਤਾ ਅਤੇ ਐਜੂਕੇਸ਼ਨ ਵਰਲਡ ਵਲੋਂ ਕਾਲਜ ਨੂੰ ਲਗਾਤਾਰ ਚੌਥੇ ਸਾਲ ਪੰਜਾਬ ਦਾ ਨੰਬਰ ਇਕ 'ਆਟੋਨੋਮਸ' ਕਾਲਜ ਕਰਾਰ ਦਿੱਤਾ ਗਿਆ |