ਅੰਮਿ੍ਤਸਰ, 5 ਸਤੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵਲੋਂ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਲਈ ਜਾਰੀ ਰਾਹਤ ਸਮਗਰੀ ਦੇ ਨਾਲ-ਨਾਲ ਮੁੜ ਵਸੇਬੇ ਲਈ ਨੀਤੀਗਤ ਰੂਪ ਵਿਚ ਕਾਰਜ ਅਰੰਭ ਕਰਨ ਹਿਤ ਇਕ ਕਮੇਟੀ ਵੀ ਬਣਾਈ ਜਾਵੇਗੀ, ਜੋ ਹੜ੍ਹ ਪੀੜ੍ਹਤਾਂ ਦੀਆਂ ਲੋੜਾਂ ਦੇ ਮੱਦੇਨਜ਼ਰ ਪ੍ਰਦਾਨ ਕੀਤੀ ਜਾਣ ਵਾਲੀ ਸਹਾਇਤਾ ਦੀ ਰੂਪ ਰੇਖਾ ਉਲੀਕੇਗੀ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਪੰਜਾਬ ਦੇ ਵੱਡੇ ਹਿੱਸੇ ਦਾ ਨੁਕਸਾਨ ਹੋਇਆ ਹੈ, ਜਿਸ ਦੀ ਪੂਰੀ ਤਰ੍ਹਾਂ ਭਰਪਾਈ ਕਰ ਪਾਉਣਾ ਸੰਭਵ ਨਹੀਂ | ਉਨ੍ਹਾਂ ਹੜ੍ਹਾਂ ਦੀ ਇਸ ਕਰੋਪੀ ਲਈ ਸਰਕਾਰਾਂ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਜੇਕਰ ਡੈਮਾਂ ਤੋਂ ਨਾਲੋਂ-ਨਾਲੋਂ ਪਾਣੀ ਛੱਡਿਆ ਜਾਂਦਾ ਤਾਂ ਅੱਜ ਇਹ ਹਾਲਾਤ ਨਾ ਬਣਦੇ | ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲੋਕਾਂ ਨੂੰ ਤੁਰੰਤ ਰਾਹਤ ਦੇਣ ਦੀ ਬਜਾਏ ਕੇਵਲ ਸੋਸ਼ਲ ਮੀਡੀਆ 'ਤੇ ਹੀ ਦਿਖਾਵਾ ਕਰ ਰਹੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨੁਕਸਾਨੀਆਂ ਗਈਆਂ ਫ਼ਸਲਾਂ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਅਤੇ ਪਸ਼ੂਆਂ, ਘਰਾਂ ਸਮੇਤ ਹੋਏ ਹੋਰ ਨੁਕਸਾਨ ਦੀ ਵੀ ਸਰਕਾਰ ਵਲੋਂ ਭਰਪਾਈ ਕੀਤੀ ਜਾਵੇ | ਉਨ੍ਹਾਂ ਹੜ੍ਹ ਪੀੜਤ ਇਲਾਕਿਆਂ ਵਿਚ ਸੇਵਾਵਾਂ ਨਿਭਾਅ ਰਹੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸਥਾਨਕ ਲੋਕਾਂ ਦੀਆਂ ਲੋੜਾਂ ਅਨੁਸਾਰ ਰਾਹਤ ਸਮਗਰੀ ਮੁਹੱਈਆ ਕਰਵਾਈ ਜਾਵੇ | ਬੱਚਿਆਂ ਲਈ ਸੁੱਕਾ ਦੁੱਧ, ਮੱਛਰਦਾਨੀ ਤੇ ਔਰਤਾਂ ਲਈ ਹੋਰ ਲੋੜੀਂਦਾ ਸਾਮਾਨ ਭੇਜਣਾ ਇਸ ਸਮੇਂ ਵੱਡੀ ਲੋੜ ਹੈ | ਇਸੇ ਦੌਰਾਨ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਵਲੋਂ ਹੜ੍ਹ ਪੀੜ੍ਹਤਾਂ ਲਈ ਸਹਾਇਤਾ ਲਈ ਦੋ ਕਰੋੜ ਰੁਪਏ ਦਾ ਫੰਡ ਦੇਣ ਦੇ ਫੈਸਲੇ ਤਹਿਤ ਅੱਜ ਇਕ ਕਰੋੜ ਦੀ ਰਾਸ਼ੀ ਦਾ ਚੈੱਕ ਪ੍ਰਧਾਨ ਧਾਮੀ ਨੂੰ ਭੇਟ ਕੀਤਾ ਗਿਆ ਤੇ ਬਾਕੀ 1 ਕਰੋੜ ਦੀ ਰਾਸ਼ੀ ਵੀ ਜਲਦੀ ਦੇਣ ਦਾ ਵਾਅਦਾ ਕੀਤਾ | ਇਸੇ ਦੌਰਾਨ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਭਾਈ ਰਾਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ ਰਣਜੀਤ ਸਿੰਘ ਕਾਹਲੋਂ, ਅਵਤਾਰ ਸਿੰਘ ਵਣਵਾਲਾ, ਸਕੱਤਰ ਪ੍ਰਤਾਪ ਸਿੰਘ, ਬਿਜੈ ਸਿੰਘ, ਹਰਭਜਨ ਸਿੰਘ ਵਕਤਾ ਗੁਰਿੰਦਰ ਸਿੰਘ ਮਥਰੇਵਾਲ ਤੇ ਦੇਸ਼-ਵਿਦੇਸ਼ ਤੋਂ ਹੋਰ ਸ਼ਖਸੀਅਤਾਂ ਵਲੋਂ ਵੀ ਪ੍ਰਧਾਨ ਨੂੰ ਸਹਾਇਤਾ ਰਾਸ਼ੀ ਲਈ ਫੰਡ ਦਿੱਤਾ ਗਿਆ |