ਬੱਧਨੀ ਕਲਾਂ, 5 ਸਤੰਬਰ (ਸੰਜੀਵ ਕੋਛੜ)-ਮਹਾਨ ਤਿਆਗੀ, ਤਪੱਸਵੀ ਤੇ ਵੇਦਾਂਤੀ ਸ੍ਰੀਮਾਨ 108 ਸਵਾਮੀ ਮਹੇਸ਼ ਮੁਨੀ ਬੋਰੇ ਵਾਲੇ ਅਤੇ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਸਦੀਵੀਂ ਮਿੱਠੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਬਰਸੀ ਤੇ ਯੱਗ ਸਮਾਗਮ 7 ਸਤੰਬਰ ਦਿਨ ਐਤਵਾਰ ਤੋਂ 21 ਸਤੰਬਰ ਦਿਨ ਐਤਵਾਰ ਤੱਕ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਜ਼ਿਲ੍ਹਾ ਮੋਗਾ ਵਿਖੇ ਬੜੀ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਬਰਸੀ ਸੰਬੰਧੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਭਾਰੀ ਗਿਣਤੀ 'ਚ ਨਤਮਸਤਕ ਹੋਣ ਲਈ ਲਗਾਤਾਰ ਪਹੁੰਚ ਰਹੀਆਂ ਹਨ | ਇਨ੍ਹਾਂ ਸਮਾਗਮਾਂ ਦੀ ਤਿਆਰੀ ਨੂੰ ਲੈ ਕੇ ਪ੍ਰਬੰਧਕਾਂ ਵਲੋਂ ਜਗ੍ਹਾ-ਜਗ੍ਹਾ ਸਵਾਗਤੀ ਗੇਟ ਬਣਾਏ ਗਏ ਹਨ | ਸਮਾਗਮ ਦੌਰਾਨ ਜਿਥੇ ਪ੍ਰਸਿੱਧ ਕੀਰਤਨੀਏ ਜਥਿਆਂ ਵਲੋਂ ਨਿਰੋਲ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ, ਉਥੇ ਹੀ ਪ੍ਰਕਾਸ਼ ਕੀਤੇ ਗਏ ਅਖੰਡ ਪਾਠਾਂ ਦੇ ਭੋਗ 21 ਸਤੰਬਰ ਦਿਨ ਐਤਵਾਰ ਨੂੰ ਪਾਉਣ ਉਪਰੰਤ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ ਵਿਸ਼ਾਲ ਸੰਤ ਸੰਮੇਲਨ ਕਰਵਾਇਆ ਜਾਵੇਗਾ, ਜਿਸ ਦੌਰਾਨ ਪਹੁੰਚੇ ਹੋਏ ਵਿਦਵਾਨ, ਕਥਾਵਾਚਕ, ਸੰਤ ਮਹਾਂਪੁਰਸ਼, ਕੀਰਤਨੀ ਜਥੇ ਆਪਣੇ ਵਿਚਾਰਾਂ ਦੀ ਸਾਂਝ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ | ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ 'ਚ ਧਾਰਮਿਕ ਸਮਾਗਮਾਂ ਦੀ ਸਮਾਪਤੀ ਉਪਰੰਤ ਹਰੇ ਰਾਮ ਆਸ਼ਰਮ (ਕਨਖਲ) ਹਰਿਦੁਆਰ ਵਿਖੇ ਇਨ੍ਹਾਂ ਦੋਵਾਂ ਮਹਾਂਪੁਰਸ਼ਾਂ ਦੀ ਯਾਦ 'ਚ 23 ਸਤੰਬਰ ਦਿਨ ਮੰਗਲਵਾਰ ਤੋਂ 29 ਸਤੰਬਰ ਦਿਨ ਸੋਮਵਾਰ ਤੱਕ ਸਾਲਾਨਾ ਸਮਾਗਮ ਅਤੇ 29 ਸਤੰਬਰ ਨੂੰ ਵਿਸ਼ਾਲ ਸੰਤ ਸੰਮੇਲਨ ਤੇ ਪ੍ਰਕਾਸ਼ ਕੀਤੇ ਗਏ ਪਾਠਾਂ ਦੇ ਭੋਗ ਪਾਏ ਜਾਣਗੇ |