ਅੰਮਿ੍ਤਸਰ, 7 ਸਤੰਬਰ (ਗਗਨਦੀਪ ਸ਼ਰਮਾ)-ਫ਼ਿਰੋਜ਼ਪੁਰ ਡਿਵੀਜ਼ਨ ਵਲੋਂ ਵਾਤਾਵਰਨ ਸੰਭਾਲ ਲਈ ਅੰਮਿ੍ਤਸਰ ਸਮੇਤ ਚਾਰ ਰੇਲਵੇ ਸਟੇਸ਼ਨਾਂ 'ਤੇ ਕੁੱਲ 9 ਆਧੁਨਿਕ ਪਲਾਸਟਿਕ ਬੋਤਲ 'ਕ੍ਰਸ਼ਿੰਗ' ਮਸ਼ੀਨਾਂ ਸਥਾਪਤ ਕੀਤੀਆਂ ਗਈਆਂ ਹਨ | ਡੀ. ਆਰ. ਐਮ. ਸੰਜੀਵ ਕੁਮਾਰ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮਿ੍ਤਸਰ 3, ਜਲੰਧਰ ਸ਼ਹਿਰ 2, ਜਲੰਧਰ ਛਾਉਣੀ 2 ਅਤੇ ਲੁਧਿਆਣਾ 2 ਮਸ਼ੀਨਾਂ ਲਗਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਅਨੇਕਾਂ ਵਿਸ਼ੇਸ਼ਤਾਵਾਂ ਨਾਲ ਲੈਸ ਇਹ ਮਸ਼ੀਨਾਂ ਮੈਸਰਜ਼ ਰਿਆਟਮੋਸ ਦੁਆਰਾ ਤਿਆਰ ਕੀਤੀਆਂ ਗਈਆਂ ਹਨ ਅਤੇ ਮੈਸਰਜ਼ ਬਿਰਲਾ ਓਪਸ ਵਲੋਂ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀ. ਆਰ. ਐਸ.) ਦੇ ਤਹਿਤ ਫਿਰੋਜ਼ਪੁਰ ਡਿਵੀਜ਼ਨ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਹਰੇਕ ਮਸ਼ੀਨ 'ਚ ਐਲ. ਈ. ਡੀ. ਡਿਸਪਲੇਅ ਲੱਗੀ ਹੈ, ਜੋ ਯਾਤਰੀਆਂ ਨੂੰ ਬੋਤਲ 'ਕ੍ਰਸ਼ਿੰਗ' ਪ੍ਰਕਿਰਿਆ ਦੌਰਾਨ ਜ਼ਰੂਰੀ ਨਿਰਦੇਸ਼ ਅਤੇ ਵਾਤਾਵਰਨ ਬਚਾਉਣ ਲਈ ਸੁਝਾਅ ਦਿੰਦੀ ਹੈ | ਇਹ ਇਕ ਵਾਰ 'ਚ 2.5 ਲੀਟਰ ਦੀ ਪਲਾਸਟਿਕ ਬੋਤਲ ਅਤੇ 1 ਲੀਟਰ ਦੇ ਐਲੂਮੀਨੀਅਮ ਕੈਨ ਨੂੰ ਕੁਸ਼ਲਤਾ ਨਾਲ ਕ੍ਰਸ਼ (ਕੁਚਲ) ਸਕਦੀ ਹੈ | ਇਸ ਮਸ਼ੀਨ ਦੇ ਡਸਟਬਿਨ ਦੀ 1200 ਬੋਤਲਾਂ ਰੱਖਣ ਦੀ ਸਮਰੱਥਾ ਹੈ | ਇਹ ਸਮਾਰਟ ਮਸ਼ੀਨ ਨੇੜੇ ਆ ਰਹੀਆਂ ਵਸਤੂਆਂ ਦਾ ਪਤਾ ਲਗਾਉਣ ਲਈ ਨੇੜਤਾ ਸੈਂਸਰ ਨਾਲ ਲੈਸ ਹੈ | ਇਸ ਤੋਂ ਇਲਾਵਾ ਯਾਤਰੀ ਮੋਬਾਈਲ ਨੰਬਰ ਦਰਜ ਕਰਕੇ ਬੋਤਲਾਂ 'ਕ੍ਰਸ਼' ਕਰ ਸਕਦੇ ਹਨ ਅਤੇ ਕੂਪਨ/ਛੂਟ ਦੀਆਂ ਪੇਸ਼ਕਸ਼ਾਂ ਪ੍ਰਾਪਤ ਕਰ ਸਕਦੇ ਹਨ | ਡੀ. ਆਰ. ਐਮ. ਸੰਜੀਵ ਕੁਮਾਰ ਨੇ ਕਿਹਾ ਕਿ ਇਸ ਪਹਿਲ ਨਾਲ ਨਾ ਸਿਰਫ਼ ਰੇਲਵੇ ਸਟੇਸ਼ਨਾਂ 'ਤੇ ਸਫਾਈ ਬਣੀ ਰਹੇਗੀ, ਬਲਕਿ ਯਾਤਰੀਆਂ ਵਿਚ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੂਕਤਾ ਵੀ ਵਧਾਏਗੀ |
ਅੰਮਿ੍ਤਸਰ ਸਮੇਤ ਚਾਰ ਰੇਲਵੇ ਸਟੇਸ਼ਨਾਂ 'ਤੇ 9 ਪਲਾਸਟਿਕ ਬੋਤਲ 'ਕ੍ਰਸ਼ਿੰਗ' ਮਸ਼ੀਨਾਂ ਸਥਾਪਤ <br/>
ਅਜੀਤ ਡੈਸਕ
08-09-2025