ਜਗਰਾਉਂ, 7 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-2 ਨਵੰਬਰ, 1984 ਨੂੰ ਸ਼ਹਿਰ ਗੁੜਗਾਉਂ ਪਟੌਦੀ (ਹਰਿਆਣਾ) ਵਿਖੇ ਵਹਿਸ਼ੀਆਨਾ ਭੀੜ ਨੇ ਸਿੱਖਾਂ ਦੇ 297 ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਸੀ ਅਤੇ 47 ਸਿੱਖਾਂ ਨੂੰ ਗੰਭੀਰ ਜ਼ਖ਼ਮੀ ਕਰਕੇ ਮਾਰ ਮੁਕਾਇਆ ਸੀ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ ਗੁੜਗਾਉ ਪਟੌਦੀ 'ਚ 47 ਸਿੱਖਾਂ ਦੇ ਕਤਲੇਆਮ ਮਾਮਲੇ ਦੀ ਅਗਲੀ ਪੇਸ਼ੀ 2 ਦਸੰਬਰ 2025 ਨੂੰ ਹੈ | ਜਾਣਕਾਰੀ ਦਿੰਦਿਆਂ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ ਹੋਂਦ ਚਿੱਲੜ ਵਿਚ 32 ਸਿੱਖਾਂ ਦੇ ਕਤਲੇਆਮ ਦੇ ਮਾਮਲੇ ਦੀ ਲੜਾਈ ਦੇ ਨਾਲ-ਨਾਲ ਹੁਣ ਗੁੜਗਾਉ ਅਤੇ ਪਟੌਦੀ 'ਚ ਹੋਏ ਸਿੱਖਾਂ ਦੇ 47 ਕਤਲੇਆਮ ਤੇ ਹੋਰ ਪੀੜ੍ਹਤਾਂ ਦੇ ਮਾਮਲਿਆਂ ਨੂੰ ਨਿਆਂ ਤੇ ਇਨਸਾਫ਼ ਦਿਵਾਉਣ ਲਈ ਕਾਨੂੰਨੀ ਚਾਰਾਜੋਈ ਰਾਹੀਂ ਮੁੱਦਾ ਚੁੱਕਿਆ ਗਿਆ ਹੈ | ਉਨ੍ਹਾਂ ਕਿਹਾ ਕਿ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਵਿਸ਼ੇਸ਼ ਯਤਨਾਂ ਸਦਕਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਖੇ ਰਿੱਟ ਨੰਬਰ 10904 ਮੌਕੇ ਦੇ ਗਵਾਹ 'ਤੇ ਪੀੜਤ ਸੰਤੋਖ ਸਿੰਘ ਸਾਹਨੀ ਅਤੇ ਹਾਈ ਕੋਰਟ ਦੇ ਸੀਨੀਅਰ ਵਕੀਲ ਰਾਹੀਂ ਕੋਰਟ ਵਿਚ 133 ਪਟੀਸ਼ਨਰਾਂ ਲਾਈਆਂ ਗਈਆਂ ਸਨ | ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਘੋਲੀਆ ਨੇ ਕਿਹਾ ਕਿ ਸੱਜਣ ਕੁਮਾਰ ਨੂੰ 4 ਦਹਾਕਿਆਂ ਬਾਅਦ ਉਮਰ ਕੈਦ ਦੀ ਸਜ਼ਾ ਹੋਣ ਤੋਂ ਬਾਅਦ 1984 ਹੋਦ ਚਿੱਲੜ ਗੜਵਾਉ ਪਟੌਦੀ ਹਰਿਆਣਾ ਦੇ ਸਿੱਖ ਕਤਲੇਆਮ ਦੇ ਪੀੜ੍ਹਤਾਂ ਨੂੰ ਭਾਰਤੀ ਨਿਆਂ ਪ੍ਰਣਾਲੀ ਤਹਿਤ ਇਨਸਾਫ਼ ਦੀ ਕਿਰਨ ਜਾਗੀ ਹੈ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਹਰਜੀਤ ਸਿੰਘ ਅੰਮਿ੍ਤਸਰ, ਪੀੜਤ ਬੀਬੀ ਗੁੱਡੀ ਦੇਵੀ, ਮਹਾਰਾਸ਼ਟਰ ਦੇ ਗੋਪਾਲ ਸਿੰਘ ਰੇਵਾੜੀ, ਸੁਰਜੀਤ ਕੌਰ ਹੋਂਦ ਚਿੱਲੜ, ਹਰਭਜਨ ਸਿੰਘ ਪੀਲੀਬੰਗਾ ਰਾਜਸਥਾਨ ਆਦਿ ਹਾਜ਼ਰ ਸਨ |
ਹਾਈ ਕੋਰਟ ਵਿਖੇ 1984 ਸਿੱਖ ਕਤਲੇਆਮ ਕੇਸਾਂ ਦੀ ਹੋਈ ਸੁਣਵਾਈ <br/>
ਅਜੀਤ ਡੈਸਕ
08-09-2025