29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਪਾਕਿਸਤਾਨ 'ਚ ਰੱਖ-ਰਖਾਅ ਦੀ ਘਾਟ ਕਾਰਨ ਮੀਂਹਾਂ ਦੌਰਾਨ ਕਈ ਸਿੱਖ ਸਮਾਰਕਾਂ ਨੂੰ ਪਹੁੰਚਿਆ ਨੁਕਸਾਨ

Ad Position 21
No active advertisement
ਅਜੀਤ ਡੈਸਕ 08-09-2025

• ਕੁਝ ਇਤਿਹਾਸਕ ਗੁਰਦੁਆਰਿਆਂ ਦੀਆਂ ਇਮਾਰਤਾਂ ਵੀ ਡਿੱਗੀਆਂ • ਰੱਖ-ਰਖਾਅ ਲਈ ਸਿੱਖ ਭਾਈਚਾਰੇ ਨੇ ਪ੍ਰਧਾਨ ਮੰਤਰੀ ਸ਼ਰੀਫ਼ ਨੂੰ ਕੀਤੀ ਅਪੀਲ
<br/>
ਅੰਮਿ੍ਤਸਰ, 7 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਇਕ ਪਾਸੇ ਕੌਮਾਂਤਰੀ ਪੱਧਰ 'ਤੇ ਪਾਕਿ ਵਿਚਲੇ ਸਿੱਖਾਂ ਦੇ ਧਾਰਮਿਕ, ਵਿਰਾਸਤੀ ਅਤੇ ਇਤਿਹਾਸਕ ਸਮਾਰਕਾਂ ਦੇ ਰੱਖ-ਰਖਾਅ ਬਾਰੇ ਲੰਬੇ-ਚੌੜੇ ਦਾਅਵੇ ਕਰਦੇ ਆ ਰਹੇ ਹਨ | ਦੂਜੇ ਪਾਸੇ, ਪਾਕਿ ਵਿਚਲੇ 250 ਤੋਂ ਵਧੇਰੇ ਇਤਿਹਾਸਕ ਗੁਰਦੁਆਰੇ ਅਤੇ ਸਿੱਖ ਜਰਨੈਲਾਂ ਦੀਆਂ ਸਮਾਧਾਂ ਸੇਵਾ-ਸੰਭਾਲ ਅਤੇ ਰੱਖ-ਰਖਾਅ ਦੀ ਘਾਟ ਕਾਰਨ ਖੰਡਰ ਦਾ ਰੂਪ ਲੈ ਚੁੱਕੀਆਂ ਹਨ | ਪਾਕਿ ਦੇ ਪੁਰਾਤਤਵ ਵਿਭਾਗ ਵਲੋਂ ਸੁਰੱਖਿਅਤ ਸਮਾਰਕ ਐਲਾਨੇ ਜਾਣ ਦੇ ਬਾਵਜੂਦ ਰੱਖ-ਰਖਾਅ ਦੀ ਘਾਟ ਕਾਰਨ ਗੁੱਜਰਾਂਵਾਲਾ ਸਥਿਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸ. ਮਹਾਂ ਸਿੰਘ ਸ਼ੁਕਰਚੱਕੀਆ ਦੀ ਸਮਾਧ ਦਾ ਵੱਡਾ ਹਿੱਸਾ ਅੱਜ ਢਹਿ ਗਿਆ ਅਤੇ ਬਾਕੀ ਬਚੇ ਹਿੱਸੇ ਦੇ ਡਿੱਗਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ | ਇਹ ਸਮਾਧੀ ਸਮਾਰਕ ਗੁੱਜਰਾਂਵਾਲਾ ਦੇ ਸ਼ੇਰਾਂਵਾਲਾ ਬਾਗ 'ਚ ਸਥਿਤ ਹੈ | ਈ. ਟੀ. ਪੀ. ਬੀ. ਦੇ ਅਧਿਕਾਰੀਆਂ ਮੁਤਾਬਿਕ ਰਿਪੋਰਟ ਮਿਲਦਿਆਂ ਹੀ ਕਾਰਜਕਾਰੀ ਇੰਜੀਨੀਅਰ ਅਤੇ ਤਕਨੀਕੀ ਟੀਮ ਨੇ ਜਾਂਚ ਕੀਤੀ ਅਤੇ ਬੋਰਡ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿੱਠੀ ਲਿਖ ਕੇ ਐੱਮ. ਸੀ. ਗਰਲਜ਼ ਸਕੂਲ ਦੇ ਤਬਾਦਲੇ ਦੀ ਸਿਫ਼ਾਰਸ਼ ਕੀਤੀ ਗਈ ਹੈ, ਜੋ ਸਮਾਧੀ ਦੇ ਬਿਲਕੁਲ ਨੇੜੇ ਹੈ | ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਡਸਕਾ ਦੇ ਪਿੰਡ ਚੱਕ ਫ਼ਤਿਹ ਭਿੰਡਰ 'ਚ ਮੌਜੂਦ ਯਾਦਗਾਰ ਗੁਰਦੁਆਰਾ ਗੁਰੂ ਨਾਨਕਸਰ ਸਾਹਿਬ ਦੀ ਦੋ ਮੰਜ਼ਿਲਾਂ ਇਮਾਰਤ ਨੂੰ ਵੀ ਮੀਂਹਾਂ 'ਚ ਭਾਰੀ ਨੁਕਸਾਨ ਪੁੱਜਾ ਹੈ | ਪੂਰੀ ਤਰ੍ਹਾਂ ਨਾਲ ਖੰਡਰ ਦਾ ਰੂਪ ਲੈ ਚੁੱਕੇ ਇਸ ਅਸਥਾਨ ਦੀ ਨਵ-ਉਸਾਰੀ ਵਲ ਕੋਈ ਧਿਆਨ ਨਹੀਂ ਦਿੱਤੇ ਜਾਣ ਕਰਕੇ ਗੁਰਦੁਆਰਾ ਸਾਹਿਬ ਦੀ ਇਮਾਰਤ 'ਚ ਮੌਜੂਦ ਪ੍ਰਕਾਸ਼ ਅਸਥਾਨ, ਦੀਵਾਨ ਹਾਲ, ਲੰਗਰ ਭਵਨ ਆਦਿ ਦੀਆਂ ਛੱਤਾਂ ਢਹਿ ਚੁੱਕੀਆਂ ਹਨ ਅਤੇ ਜਗ੍ਹਾ-ਜਗ੍ਹਾ ਮਲਬੇ ਦੇ ਢੇਰ ਲੱਗੇ ਹੋਏ ਹਨ | ਮੀਂਹਾਂ ਕਾਰਨ ਜ਼ਿਲ੍ਹਾ ਝੰਗ ਦੇ ਟੋਭਾ ਰੋਡ ਸਥਿਤ ਮੌਜ਼ਾ ਬਾਗ ਆਬਾਦੀ ਵਿਚਲੇ ਗੁਰਦੁਆਰਾ ਟਿੱਬਾ ਨਾਨਕਸਰ, ਵਜ਼ੀਰਾਬਾਦ 'ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਕੋਠਾ ਸਾਹਿਬ ਅਤੇ ਜ਼ਿਲ੍ਹਾ ਜਿਹਲਮ ਦੇ ਬਾਗ ਮੁਹੱਲਾ 'ਚ ਮੌਜੂਦ ਗੁਰਦੁਆਰਾ ਭਾਈ ਕਰਮ ਸਿੰਘ ਦੀ ਵੀ ਹਾਲਤ ਖ਼ਰਾਬ ਹੋ ਚੁਕੀ ਹੈ | ਦੱਸਿਆ ਜਾ ਰਿਹਾ ਹੈ ਕਿ ਜਿਹਲਮ ਦੀ ਨਹਿਰ ਰੋਡ ਦੇ ਬਿਲਕੁਲ ਉਪਰ ਸਥਾਪਿਤ ਗੁਰਦੁਆਰਾ ਭਾਈ ਕਰਮ ਸਿੰਘ ਨੂੰ ਦਰਿਆ ਜਿਹਲਮ 'ਚ ਆਏ ਹੜ੍ਹਾਂ ਨਾਲ ਪਹਿਲਾਂ ਵੀ ਸੰਨ 1938, 1992 ਤੇ ਸਾਲ 2010 ਵਿਚ ਵੱਡਾ ਨੁਕਸਾਨ ਪਹੁੰਚਿਆ ਸੀ | ਇਸ ਤੋਂ ਇਲਾਵਾ ਜ਼ਿਲ੍ਹਾ ਕਸੂਰ ਦੇ ਪਿੰਡ ਕੰਗਣਪੁਰ 'ਚ ਪਹਿਲੀ ਪਾਤਸ਼ਾਹੀ ਨਾਲ ਸੰਬੰਧਿਤ ਗੁਰਦੁਆਰਾ ਮਾਲ ਜੀ ਸਾਹਿਬ ਦੀਆਂ ਛੱਤਾਂ ਅਤੇ ਕੰਧਾਂ ਨੂੰ ਮੀਂਹਾਂ ਕਾਰਨ ਭਾਰੀ ਨੁਕਸਾਨ ਪਹੁੰਚਿਆ ਹੈ | ਹਾਲਾਂਕਿ, ਇਸ ਅਸਥਾਨ ਦੇ ਵੱਡੇ ਹਿੱਸੇ 'ਚ ਇਕ ਪੁਲਿਸ ਅਧਿਕਾਰੀ ਨੇ ਆਪਣੀ ਰਿਹਾਇਸ਼ ਰੱਖੀ ਹੋਈ ਹੈ ਅਤੇ ਗੁਰਦੁਆਰਾ ਸਾਹਿਬ ਦਾ ਉਹ ਹਿੱਸਾ ਸੁਰੱਖਿਅਤ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਲਾਹੌਰ ਦੇ ਥਾਣਾ ਬਰਕੀ ਦੇ ਅਧੀਨ ਆਉਂਦੇ ਪਿੰਡ ਜਾਹਮਣ ਵਿਚਲੇ ਗੁਰਦੁਆਰਾ ਰੋੜੀ ਸਾਹਿਬ ਦੀ ਢਾਈ ਮੰਜ਼ਲਾਂ ਵਿਸ਼ਾਲ ਤੇ ਖ਼ੂਬਸੂਰਤ ਇਮਾਰਤ ਦਾ ਵੱਡਾ ਹਿੱਸਾ ਅਗਸਤ 2023 'ਚ ਹੋਈਆਂ ਮੀਂਹਾਂ ਦੌਰਾਨ ਢਹਿ ਗਿਆ ਸੀ ਅਤੇ ਸੰਭਾਲ ਨਾ ਹੋਣ ਕਰਕੇ ਹੁਣ ਬਾਕੀ ਬਚਿਆ ਹਿੱਸਾ ਵੀ ਖੰਡਰ ਦਾ ਰੂਪ ਲੈ ਚੁੱਕਿਆ ਹੈ | ਗੁਰਦੁਆਰਾ ਸਾਹਿਬ ਦਾ ਆਲੀਸ਼ਾਨ ਸਰੋਵਰ ਵੀ ਛੱਪੜ 'ਚ ਤਬਦੀਲ ਹੋ ਚੁੱਕਾ ਹੈ | ਲਾਹੌਰ ਦੀ ਬਰਕੀ ਰੋਡ 'ਤੇ ਆਬਾਦ ਪਿੰਡ ਘਵਿੰਡੀ ਦੀ ਪੱਤੀ ਕੈਰੋਂਪੁਰਾ 'ਚ ਮੌਜੂਦ ਪਹਿਲੀ ਪਾਤਸ਼ਾਹੀ ਨਾਲ ਸੰਬੰਧਿਤ ਯਾਦਗਾਰ ਗੁਰਦੁਆਰਾ ਲਹੁੜਾ ਸਾਹਿਬ ਦੀ ਹਾਲਤ ਵੀ ਚਿੰਤਾਜਨਕ ਬਣੀ ਹੋਈ ਹੈ | ਇਸੇ ਤਰ੍ਹਾਂ ਲਾਹੌਰ ਦੇ ਥਾਨਾ ਬਰਕੀ ਦੇ ਅਧੀਨ ਆਉਂਦੇ ਸਰਹੱਦੀ ਪਿੰਡ ਮਨਿਹਾਲਾ ਦੀ ਆਬਾਦੀ ਸਾਧਾਂਵਾਲੀ 'ਚ ਮੌਜੂਦ ਗੁਰਦੁਆਰਾ ਛੇਵੀਂ ਪਾਤਸ਼ਾਹੀ, ਗੁਰਦੁਆਰਾ ਛੇਵੀਂ ਪਾਤਸ਼ਾਹੀ ਪਢਾਣਾ, ਗੁਰਦੁਆਰਾ ਮੰਜੀ ਸਾਹਿਬ ਢਿਲਵਾਂ, ਗੁਰਦੁਆਰਾ ਹਰਿਗੋਬਿੰਦ ਸਾਹਿਬ ਰਾਮਪੁਰਾ ਖ਼ੁਰਦ ਅਤੇ ਗੁਰਦੁਆਰਾ ਹਰਿਗੋਬਿੰਦ ਸਾਹਿਬ ਝੱਲੀਆਂ ਅਤੇ ਗੁਰਦੁਆਰਾ ਬਾਬਾ ਜਮੀਅਤ ਸਿੰਘ ਕਾਹਨਾ-ਨੌ ਆਦਿ ਦੀ ਵੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ | ਇਨ੍ਹਾਂ ਅਸਥਾਨਾਂ ਦੇ ਰੱਖ-ਰਖਾਅ ਲਈ ਸਿੱਖ ਭਾਈਚਾਰੇ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਅਪੀਲ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਭੁਪੇਸ਼ ਬਘੇਲ ਨੇ ਕਰਤਾਰਪੁਰ ਸਾਹਿਬ ਲਾਂਘੇ ਵਿਖੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ <br/> ਅਗਲੀ ਖ਼ਬਰ ਬੀ.ਐਲ.ਓਜ਼. ਨੂੰ ਅੱਜ ਹੀ ਤਿੰਨ ਸਾਲਾਂ ਦੀਆਂ ਵੋਟਰ ਸੂਚੀਆਂ ਦਾ ਮੁਲਾਂਕਣ ਕਰਕੇ ਭੇਜਣ ਦੇ ਹੁਕਮ ਬੀ.ਐਲ.ਓਜ਼. ਵਲੋਂ ਹੱ...
Ad Position 24