ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਨਨਕਾਣਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਰਸਾਉਂਦੇ ਹਨ ਮਾਡਲ
<br/>
ਅੰਮਿ੍ਤਸਰ, 23 ਸਤੰਬਰ (ਹਰਮਿੰਦਰ ਸਿੰਘ)-ਕਾਗ਼ਜ਼ ਦੇ ਨਾਲ ਵੱਖ-ਵੱਖ ਇਤਿਹਾਸਕ ਅਸਥਾਨਾਂ ਦੇ ਮਾਡਲ ਤਿਆਰ ਕਰਨ ਵਾਲੇ ਕਲਾਕਾਰ ਗੁਰਪ੍ਰੀਤ ਸਿੰਘ ਵਲੋਂ ਫਿਲਪੀਨ ਦੀ ਧਰਤੀ 'ਤੇ ਬਣਾਏ ਜਾ ਰਹੇ ਸਿੱਖ ਅਜਾਇਬਘਰ 'ਚ ਸੁਸ਼ੋਭਿਤ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਦੀ ਸ਼ਹਾਦਤ ਨੂੰ ਦਰਸਾਉਂਦਾ ਮਾਡਲ ਤਿਆਰ ਕੀਤੇ ਗਏ ਹਨ | 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਗੁਰੂ ਸਾਹਿਬ ਦੀ ਬਖ਼ਸ਼ੀ ਹੋਈ ਕਲਾ ਕਾਰਨ ਵੱਖ-ਵੱਖ ਮਾਡਲ ਤਿਆਰ ਕਰਨ ਬਦਲੇ ਹੁਣ ਤੱਕ 17 ਵਰਲਡ ਅਵਾਰਡ ਪ੍ਰਾਪਤ ਹੋਏ ਹਨ, ਜਿਨ੍ਹਾਂ ਦੇ ਆਧਾਰ 'ਤੇ ਕੈਨੇਡਾ ਸਰਕਾਰ ਵਲੋਂ ਉਸ ਦੇ ਪੂਰੇ ਪਰਿਵਾਰ ਨੂੰ ਸਿੱਧੇ ਤੌਰ 'ਤੇ ਉਥੋਂ ਦੀ ਨਾਗਰਿਕਤਾ ਦਿੱਤੀ ਗਈ ਹੈ ਅਤੇ ਉਹ ਆਪਣੇ ਪਰਿਵਾਰ ਦੇ ਨਾਲ ਕੈਨੇਡਾ ਵਿਖੇ ਰਹਿ ਰਿਹਾ ਹੈ | ਉਸ ਨੇ ਦੱਸਿਆ ਕਿ ਉਸ ਨੂੰ ਫਿਲਪੀਨ ਦੀ ਸੰਗਤ ਵਲੋਂ ਸੰਪਰਕ ਕਰਕੇ ਉਥੇ ਸਥਿਤ ਗੁਰਦੁਆਰਾ ਸ੍ਰੀ ਗੁਰਸ਼ਬਦ ਪ੍ਰਕਾਸ਼ ਵਿਖੇ ਤਿਆਰ ਕੀਤੇ ਜਾ ਰਹੇ ਪਹਿਲੇ ਸਿੱਖ ਅਜਾਇਬ ਘਰ 'ਚ ਸੁਸ਼ੋਭਿਤ ਕਰਨ ਲਈ ਪਹਿਲੇ ਪੜਾਅ 'ਚ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਦੀ ਸ਼ਹਾਦਤ ਨੂੰ ਦਰਸਾਉਂਦੇ ਹੋਏ ਕੁਲ ਪੰਜ ਮਾਡਲ ਤਿਆਰ ਕਰਨ ਦੀ ਸੇਵਾ ਸੌਂਪੀ ਗਈ ਹੈ, ਜਿਨ੍ਹਾਂ ਨੂੰ ਤਿਆਰ ਕਰਨ ਲਈ ਉਹ ਕੇਨੈਡਾ ਤੋਂ ਵਿਸ਼ੇਸ਼ ਤੌਰ 'ਤੇ ਅੰਮਿ੍ਤਸਰ ਆਇਆ ਹੈ | ਉਸ ਨੇ ਦੱਸਿਆ ਕਿ ਇਹ ਪੰਜ ਮਾਡਲ ਤਿਆਰ ਕਰਨ ਲਈ ਉਸ ਨੂੰ ਆਪਣੀ ਟੀਮ ਨਾਲ ਮਿਲ ਕੇ ਡੇਢ ਮਹੀਨੇ ਦਾ ਸਮਾਂ ਲੱਗਾ, ਜੋ ਹਰ ਰੋਜ਼ 15-15 ਘੰਟੇ ਕੰਮ ਕਰਦੀ ਸੀ | ਇਹ ਮਾਡਲ ਤਿਆਰ ਕਰਨ ਲਈ ਉਸ ਵਲੋਂ 'ਸੋਲਿਡ ਫਾਈਬਰ', 'ਸੋਲਿਡ ਵੂਡ', ਐੱਮ ਡੀ. ਐੱਫ, ਐੱਚ ਡੀ. ਐੱਫ ਅਤੇ ਹਾਰਡ ਆਟੋ ਪੀ ਯੂ ਪੇਂਟ ਇਸਤੇਮਾਲ ਕੀਤਾ ਗਿਆ ਜੋ ਸਾਲ ਤੋਂ ਵਧੇਰੇ ਸਮੇਂ ਤੱਕ ਖ਼ਰਾਬ ਨਹੀਂ ਹੁੰਦਾ | ਉਸ ਨੇ ਦੱਸਿਆ ਕਿ ਇਹ ਮਾਡਲ ਸ਼ੀਸ਼ੇ 'ਚ ਜੜੇ ਜਾਣਗੇ |
ਸਿੱਖ ਇਤਿਹਾਸ ਨੂੰ ਦਰਸਾਉਂਦੇ ਪੰਜ ਧਾਰਮਿਕ ਮਾਡਲ ਫਿਲਪੀਨ ਦੀ ਧਰਤੀ 'ਤੇ ਸਿੱਖ ਅਜਾਇਬਘਰ 'ਚ ਕੀਤੇ ਜਾਣਗੇ ਸੁਸ਼ੋਭਿਤ
ਅਜੀਤ ਡੈਸਕ
24-09-2025