ਅੰਮਿ੍ਤਸਰ, 25 ਸਤੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਨਸ਼ੀਲੇ ਪਦਾਰਥ ਅਤੇ ਹਥਿਆਰ ਤਸਕਰੀ ਦੇ ਇਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 6 ਤਸਕਰਾਂ ਨੂੰ 4.03 ਕਿੱਲੋ ਹੈਰੋਇਨ ਅਤੇ 2 ਅਤਿ-ਆਧੁਨਿਕ ਪਿਸਤੌਲਾਂ ਨਾਲ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਹ ਪ੍ਰਗਟਾਵਾ ਇਥੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਰਦਿਆਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਫਿਰੋਜ਼ਪੁਰ ਦੇ ਪਿੰਡ ਮੁੱਲਾ ਰਹੀਮਾ ਉਤਾੜ ਦੇ ਰਹਿਣ ਵਾਲੇ ਜਗੀਰ ਸਿੰਘ ਉਰਫ਼ ਸੁੱਚਾ (35), ਪਿੰਡ ਚਾਹ ਬੋਹੜੀਆ ਦੇ ਰਹਿਣ ਵਾਲੇ ਅੰਗਰੇਜ ਸਿੰਘ (20), ਤਰਨ ਤਾਰਨ ਦੇ ਮਸਤਗੜ੍ਹ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ (30), ਮਸਤਗੜ੍ਹ ਦੇ ਰਹਿਣ ਵਾਲੇ ਪਲਵਿੰਦਰ ਸਿੰਘ (35), ਫਿਰੋਜ਼ਪੁਰ ਦੀ ਘਿੰਨੀਵਾਲਾ ਕੈਨਾਲ ਕਾਲੋਨੀ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਉਰਫ਼ ਲੱਕੀ (24) ਅਤੇ ਫਿਰੋਜ਼ਪੁਰ ਦੇ ਹੀ ਨੌਰੰਗ ਕੇ ਸਿਆਲ ਕੈਨਾਲ ਕਾਲੋਨੀ ਦੇ ਰਹਿਣ ਵਾਲੇ ਬਲਜਿੰਦਰ ਸਿੰਘ (42) ਵਜੋਂ ਹੋਈ ਹੈ | ਪੁਲਿਸ ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਹੈਂਡਲਰ ਸ਼ਾਹ ਦੇ ਸੰਪਰਕ ਵਿਚ ਸਨ | ਕਮਿਸ਼ਨ ਭੁੱਲਰ ਨੇ ਦੱਸਿਆ ਕਿ ਜਗੀਰ ਅਤੇ ਅੰਗਰੇਜ ਸਿੰਘ, ਜੋ ਕਿ ਚਚੇਰੇ ਭਰਾ ਹਨ ਅਤੇ ਫਿਰੋਜ਼ਪੁਰ ਵਿਚ ਇਕ ਢਾਬਾ ਚਲਾਉਂਦੇ ਹਨ, ਨੂੰ ਪਹਿਲੋਂ 220 ਗ੍ਰਾਮ ਹੈਰੋਇਨ ਅਤੇ ਇਕ ਗਲੌਕ ਪਿਸਤੌਲ ਨਾਲ ਗਿ੍ਫ਼ਤਾਰ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਦੋਵ੍ਹਾਂ ਵਿਅਕਤੀਆਂ ਦੀ ਹੋਰ ਜਾਂਚ ਅਤੇ ਖੁਲਾਸੇ ਉਪਰੰਤ ਮੁਲਜ਼ਮ ਗੁਰਪ੍ਰੀਤ, ਪਲਵਿੰਦਰ, ਲਖਵਿੰਦਰ ਅਤੇ ਬਲਜਿੰਦਰ ਨੂੰ ਨਾਮਜ਼ਦ ਕਰਕੇ ਗਿ੍ਫ਼ਤਾਰ ਕੀਤਾ ਗਿਆ | ਜਗੀਰ ਸਿੰਘ, ਪਲਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਖੁਲਾਸੇ ਤੋਂ 2.813 ਕਿਲੋ ਹੈਰੋਇਨ ਬਰਾਮਦ ਕੀਤੀ ਗਈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਲਖਵਿੰਦਰ ਸਿੰਘ ਅਤੇ ਬਲਜਿੰਦਰ ਤੋਂ ਹੋਰ ਪੁੱਛਗਿੱਛ ਕਰਨ 'ਤੇ 1 ਕਿੱਲੋ ਹੈਰੋਇਨ ਦੀ ਹੋਰ ਬਰਾਮਦਗੀ ਹੋਈ, ਜਿਸ ਨਾਲ ਕੁੱਲ ਬਰਾਮਦਗੀ 4.03 ਕਿੱਲੋਗ੍ਰਾਮ ਹੋ ਗਈ ਹੈ | ਇਸ ਮੌਕੇ ਡੀ. ਸੀ. ਪੀ. ਰਵਿੰਦਰਪਾਲ ਸਿੰਘ, ਏ. ਸੀ. ਪੀ. ਹਰਮਿੰਦਰ ਸਿੰਘ ਤੇ ਇੰਸ: ਅਮੋਲਕਦੀਪ ਸਿੰਘ ਆਦਿ ਵੀ ਹਾਜ਼ਰ ਸਨ |
4 ਕਿੱਲੋ ਹੈਰੋਇਨ ਤੇ 2 ਪਿਸਤੌਲਾਂ ਸਮੇਤ 6 ਤਸਕਰ ਕਾਬੂ <br/>
ਅਜੀਤ ਡੈਸਕ
26-09-2025