ਭਿਆਨਕ ਹੜ੍ਹਾਂ ਦੌਰਾਨ ਆਪਣੇ ਘਰ 'ਚ ਫਸ ਗਿਆ ਸੀ ਕਿਡਨੀ ਦੀ ਬਿਮਾਰੀ ਤੋਂ ਪੀੜਤ ਅਭਿਜੋਤ
<br/>
ਅਜਨਾਲਾ (ਅੰਮਿ੍ਤਸਰ), 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੇ ਪਿੰਡ ਤਲਵੰਡੀ ਰਾਏਦਾਦੂ ਦਾ 8 ਸਾਲਾਂ ਬੱਚਾ ਅਭਿਜੋਤ ਸਿੰਘ, ਜੋ ਕਿ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਭਿਆਨਕ ਹੜ੍ਹਾਂ ਦੌਰਾਨ ਲੋੜੀਂਦੇ ਇਲਾਜ ਤੋਂ ਵਾਂਝਾ ਰਹਿ ਗਿਆ ਸੀ, ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਏ ਭਿਆਨਕ ਹੜ੍ਹਾਂ ਦੌਰਾਨ ਅਭਿਜੋਤ ਸਿੰਘ ਦਾ ਪਰਿਵਾਰ ਉਸ ਨੂੰ ਘਰ ਤੋਂ ਬਾਹਰ ਇਲਾਜ ਕਰਵਾਉਣ ਲਈ ਨਹੀਂ ਲਿਜਾ ਸਕਦਾ ਸੀ, ਜਦੋਂ ਉਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸੀ ਕਿ ਅਭਿਜੋਤ ਸਿੰਘ ਨੂੰ ਤੁਰੰਤ ਕਿਸ਼ਤੀ ਰਾਹੀਂ ਹੜ੍ਹਾਂ ਦੇ ਪਾਣੀ ਤੋਂ ਬਾਹਰ ਲਿਆ ਕੇ ਇਲਾਜ ਲਈ ਪੀ.ਜੀ.ਆਈ. ਭੇਜਿਆ ਜਾਵੇ, ਉਪਰੰਤ ਸਿਵਲ ਪ੍ਰਸ਼ਾਸਨ ਤੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਟੀਮ ਵਲੋਂ ਉਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖਲ ਕਰਵਾ ਦਿੱਤਾ ਸੀ, ਕਈ ਦਿਨ ਜ਼ਿੰਦਗੀ ਮੌਤ ਨਾਲ ਲੜਾਈ ਲੜਨ ਤੋਂ ਬਾਅਦ ਉਕਤ ਬੱਚੇ ਅਭਿਜੋਤ ਸਿੰਘ ਦੀ ਦਰਦਨਾਕ ਮੌਤ ਹੋ ਜਾਣ ਕਾਰਨ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ | ਸੋਨੂੰ ਸੂਦ ਜੋ ਕਿ ਅੰਮਿ੍ਤਸਰ ਦੇ ਇਕ ਹਸਪਤਾਲ ਵਿਚ ਅਭਿਜੋਤ ਸਿੰਘ ਦਾ ਹਾਲ ਜਾਣ ਕੇ ਗਏ ਸੀ, ਨੇ ਵੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਕੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆਂ ਬੱਚੇ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਮੈਂ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਦੇ ਨਾਲ ਹਾਂ |
ਪੀ.ਜੀ.ਆਈ. 'ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਬੱਚੇ ਅਭਿਜੋਤ ਸਿੰਘ ਦਾ ਦਿਹਾਂਤ
ਅਜੀਤ ਡੈਸਕ
26-09-2025