ਅੰਮਿ੍ਤਸਰ, 27 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ 'ਚ ਭਾਰਤ ਨੂੰ ਦੁਸ਼ਮਣ ਦੱਸਦੇ ਹੋਏ ਦਾਅਵਾ ਕੀਤਾ ਕਿ ਪਾਕਿ ਨੇ ਭਾਰਤ ਨਾਲ ਟਕਰਾਅ ਜਿੱਤ ਲਿਆ ਹੈ | ਉਨ੍ਹਾਂ ਨੇ ਬਿਨਾ ਕਿਸੇ ਪ੍ਰਮਾਣਕ ਸਬੂਤ ਦੇ ਇਹ ਵੀ ਦਾਅਵਾ ਕੀਤਾ ਕਿ ਪਾਕਿ ਨੇ ਸੰਘਰਸ਼ ਦੌਰਾਨ 7 ਭਾਰਤੀ ਜਹਾਜ਼ ਡੇਗੇ ਸਨ | ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਗਾਮ ਹਮਲੇ ਦੀ ਨਿਰਪੱਖ ਕੌਮਾਂਤਰੀ ਜਾਂਚ ਦੀ ਅਪੀਲ ਕੀਤੀ ਸੀ, ਪਰ ਭਾਰਤ ਨੇ ਉਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਤੇ ਰਾਜਨੀਤਕ ਲਾਭ ਲਈ ਦੁਖਾਂਤ ਦਾ ਫ਼ਾਇਦਾ ਉਠਾਇਆ | ਭਾਰਤ ਦਾ ਕੱਟੜਪੰਥੀ ਹਿੰਦੂਤਵ ਦੁਨੀਆ ਲਈ ਗੰਭੀਰ ਖ਼ਤਰਾ ਹੈ | ਉਨ੍ਹਾਂ ਨੇ ਭਾਰਤ 'ਤੇ ਸਿੰਧੂ ਜਲ ਸੰਧੀ ਨੂੰ ਇਕਪਾਸੜ ਤੌਰ 'ਤੇ ਰੋਕਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਨਾ ਸਿਰਫ਼ ਸੰਧੀ ਦੀ ਉਲੰਘਣਾ ਹੈ ਬਲਕਿ ਕੌਮਾਂਤਰੀ ਕਾਨੂੰਨ ਦੀ ਵੀ ਉਲੰਘਣਾ ਹੈ | ਸ਼ਰੀਫ਼ ਨੇ ਕਿਹਾ ਕਿ ਪਾਕਿ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ 24 ਕਰੋੜ ਲੋਕਾਂ ਦੇ ਪਾਣੀ ਦੇ ਅਧਿਕਾਰਾਂ ਦੀ ਰੱਖਿਆ ਕਰੇਗਾ ਅਤੇ ਸਿੰਧੂ ਜਲ ਸੰਧੀ ਦੀ ਕਿਸੇ ਵੀ ਉਲੰਘਣਾ ਨੂੰ ਜੰਗ ਦੀ ਕਾਰਵਾਈ ਵਜੋਂ ਮੰਨੇਗਾ | ਸ਼ਾਹਬਾਜ਼ ਸ਼ਰੀਫ਼ ਨੇ ਦਾਅਵਾ ਕੀਤਾ ਕਿ ਸੰਘਰਸ਼ ਦੌਰਾਨ ਮਜ਼ਬੂਤ ਸਥਿਤੀ 'ਚ ਹੋਣ ਦੇ ਬਾਵਜੂਦ ਪਾਕਿ ਨੇ ਜੰਗਬੰਦੀ ਦਾ ਸਮਰਥਨ ਕੀਤਾ | ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦਖ਼ਲ ਤੋਂ ਬਿਨਾਂ ਪੂਰੇ ਖੇਤਰ 'ਚ ਇਕ ਵੱਡੀ ਜੰਗ ਸ਼ੁਰੂ ਹੋ ਸਕਦੀ ਸੀ |