ਪਟਿਆਲਾ, 27 ਸਤੰਬਰ-ਪੰਜਾਬ ਦੀਆਂ ਲੋਕ-ਕਲਾਵਾਂ ਤੇ ਸੱਭਿਆਚਾਰ ਦੇ ਅਹਿਮ ਅੰਗ ਮੰਨੇ ਜਾਂਦੇ ਕਸੀਦਾਕਾਰੀ ਕਲਾਂ ਅੱਜ ਅਲੋਪ ਹੋਣ ਦੀ ਕਗਾਰ 'ਤੇ ਪੁੱਜ ਚੁਕੀ ਹੈ | ਕਲਾਵਾਂ ਨਾਲ ਜੁੜੇ ਕਾਰੀਗਰ ਦੀ ਆਰਥਿਕ ਤੰਗੀ, ਘਟਦੀ ਮੰਗ ਤੇ ਨੌਜਵਾਨ ਪੀੜ੍ਹੀ 'ਚ ਦਿਲਚਸਪੀ ਦੀ ਘਾਟ ਤੋਂ ਇਲਾਵਾ ਮਸ਼ੀਨਰੀ ਯੁੱਗ ਦੇ ਪ੍ਰਭਾਵ ਨੇ ਵੀ ਇਸ ਕਲਾ ਨੂੰ ਵੱਡੀ ਮਾਰ ਮਾਰੀ ਹੈ | ਇਸ ਦੇ ਨਾਲ ਹੀ ਕੱਚੇ ਮਾਲ ਦੀ ਅਣਹੋਂਦ ਤੇ ਇਨ੍ਹਾਂ ਦੀਆਂ ਵਧਦੀਆਂ ਕੀਮਤਾਂ ਵੀ ਕਾਰੀਗਰਾਂ ਲਈ ਮੁਸੀਬਤ ਬਣ ਗਈਆਂ ਹਨ | ਕਿਸੇ ਸਮੇਂ ਇਨ੍ਹਾਂ ਦਾ ਪੰਜਾਬ ਦੇ ਪੇਂਡੂ ਜੀਵਨ ਨਾਲ ਡੂੰਘਾ ਨਾਤਾ ਰਿਹਾ ਹੈ | ਵਿਆਹ-ਸ਼ਾਦੀਆਂ, ਤਿਉਹਾਰਾਂ ਤੇ ਸਮਾਜਿਕ ਰਸਮਾਂ-ਰਿਵਾਜਾਂ ਵਿਚ ਕਸੀਦਾਕਾਰੀ ਕੀਤੀਆਂ ਵਸਤਾਂ ਨੂੰ ਖ਼ਾਸ ਮਾਣ ਮਿਲਦਾ ਸੀ | ਕਸੀਦਾਕਾਰੀ ਤੇ ਫੁਲਕਾਰੀ ਸਿਰਫ਼ ਰੁਮਾਲਾਂ, ਸਿਰਹਾਣਿਆਂ ਤੇ ਚਾਦਰਾਂ ਦੀ ਸਜਾਵਟ ਨਹੀਂ ਸੀ, ਸਗੋਂ ਇਹ ਔਰਤਾਂ ਦੀ ਰਚਨਾਤਮਿਕਤਾ ਤੇ ਉਨ੍ਹਾਂ ਦੀ ਆਵਾਜ਼ ਦਾ ਪ੍ਰਤੀਕ ਸੀ | ਇਹ ਕਲਾਵਾਂ ਲੋਕਾਂ ਲਈ ਰੁਜ਼ਗਾਰ ਦਾ ਵੀ ਸਾਧਨ ਰਹੀਆਂ ਹਨ | ਕਈ ਪਰਿਵਾਰ ਆਪਣਾ ਗੁਜ਼ਾਰਾ ਸਿਰਫ਼ ਕਸੀਦਾ ਤੇ ਫੁਲਕਾਰੀ ਨਾਲ ਹੀ ਕਰਦੇ ਸਨ | ਬਾਜ਼ਾਰਾਂ ਵਿਚ ਮਸ਼ੀਨੀ ਤਿਆਰੀਆਂ ਤੇ ਸਸਤੀ ਸਮਗਰੀ ਨੇ ਰਵਾਇਤੀ ਹੱਥੋਂ ਬਣੀਆਂ ਵਸਤਾਂ ਨੂੰ ਪਿੱਛੇ ਧੱਕ ਦਿੱਤਾ ਹੈ | ਇਸ ਕਾਰਨ ਕਈ ਪੁਰਾਣੇ ਕਾਰੀਗਰ ਇਹ ਪੇਸ਼ਾ ਛੱਡਣ ਲਈ ਮਜ਼ਬੂਰ ਹੋ ਗਏ | ਨਤੀਜੇ ਵਜੋਂ ਕਾਰੀਗਰਾਂ ਦੀ ਰੋਜ਼ੀ-ਰੋਟੀ 'ਤੇ ਵੱਡਾ ਅਸਰ ਪੈ ਰਿਹਾ ਹੈ | ਅਧਿਅਨ ਅਨੁਸਾਰ ਇਕ ਕਾਰੀਗਰ ਦੀ ਮਹੀਨੇ ਦੀ ਔਸਤਨ ਆਮਦਨ 5,000 ਤੋਂ 10,000 ਰੁਪਏ ਦੇ ਵਿਚਕਾਰ ਸੀਮਤ ਹੋ ਗਈ ਹੈ | ਭਾਵੇਂਕਿ, ਭਾਰਤ ਸਰਕਾਰ ਦੇ ਵਿੱਤ ਤੇ ਸਨਅਤੀ ਮੰਤਰਾਲੇ ਦੀਆਂ ਰਿਪੋਰਟਾਂ ਅਨੁਸਾਰ ਸਾਲ 2024 'ਚ ਭਾਰਤ ਨੇ ਹਸਤਕਲਾ ਖੇਤਰ 'ਚ 4 ਅਰਬ ਡਾਲਰ ਦਾ ਸਾਮਾਨ ਬਰਾਮਦ ਕੀਤਾ ਹੈ, ਜਿਸ 'ਚ ਪੰਜਾਬੀ ਫੁਲਕਾਰੀ ਦਾ ਵੀ ਹਿੱਸਾ ਸੀ ਪਰ ਇਸ ਦੇ ਬਾਵਜੂਦ ਵੀ ਆਰਥਿਕ ਮੰਦਹਾਲੀ ਦੀ ਮਾਰ ਝੱਲ ਰਹੇ ਬਹੁਤ ਸਾਰੇ ਕਾਰੀਗਰ ਆਪਣੇ ਵਿਰਾਸਤੀ ਕਿੱਤਿਆਂ ਨੂੰ ਛੱਡ ਕਿ ਆਮਦਨ ਦੇ ਹੋਰ ਸਾਧਨਾਂ ਦੀ ਤਲਾਸ਼ ਕਰਨ ਲੱਗੇ ਹਨ | ਭਾਰਤ ਸਰਕਾਰ ਵਲੋਂ ਫੁਲਕਾਰੀ ਨੂੰ 2011 ਵਿਚ ਜੀ.ਆਈ. ਟੈਗ ਮਿਲਿਆ ਸੀ ਤੇ ਕਈ ਕਲਾਕਾਰਾਂ ਨੂੰ ਰਾਸ਼ਟਰੀ ਇਨਾਮਾਂ ਨਾਲ ਨਿਵਾਜਿਆ ਗਿਆ ਹੈ ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ | ਜੀਓਗ੍ਰਾਫੀਕਲ ਇੰਡੀਕੇਸ਼ਨ (ਜੀ.ਆਈ.) ਦੀ ਮਾਨਤਾ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਬਣਾਈ ਜਾਣ ਵਾਲੀ ਫੁਲਕਾਰੀ ਲਈ ਦਿੱਤੀ ਗਈ, ਜੋ ਇਸ ਦੀ ਵਿਸ਼ੇਸ਼ ਸਿਲਾਈ ਤਕਨੀਕ ਤੇ ਸੱਭਿਆਚਾਰਕ ਮਹੱਤਵ ਕਾਰਨ ਵਿਲੱਖਣ ਹੈ ਪਰ ਇਹ ਸਨਮਾਨ ਜ਼ਮੀਨੀ ਪੱਧਰ 'ਤੇ ਕੋਈ ਵੱਡਾ ਸੁਧਾਰ ਨਹੀਂ ਲਿਆ ਸਕੇ | ਕਾਰੀਗਰਾਂ ਨੂੰ ਇਸ ਦਾ ਪੂਰਾ ਲਾਭ ਨਹੀਂ ਮਿਲ ਸਕਿਆ | ਮਾਰਕੀਟਿੰਗ, ਵਿੱਤੀ ਸਹਾਇਤਾ ਅਤੇ ਸਿਖਲਾਈ ਦੀ ਘਾਟ ਕਾਰਨ ਫੁਲਕਾਰੀ ਦੇ ਕਾਰੀਗਰ ਅਜੇ ਵੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ | ਸਥਾਨਕ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਜੀ.ਆਈ. ਟੈਗ ਦੀ ਵਰਤੋਂ ਨੂੰ ਹੋਰ ਪ੍ਰਚਾਰਨ ਦੀ ਲੋੜ ਹੈ | ਪੰਜਾਬ 'ਚ ਬਣਾਇਆ ਗਿਆ ਫੁਲਕਾਰੀ ਸੈਂਟਰ ਆਫ਼ ਐਕਸੀਲੈਂਸ ਵੀ ਉਪਰਾਲਾ ਹੈ ਪਰ ਇਸ ਨਾਲ ਹੀ ਲੋਕ ਕਲਾਵਾਂ ਦੇ ਭਵਿੱਖ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਕੀਤਾ ਜਾ ਸਕਿਆ | ਕਲਾਕਾਰਾਂ ਦੀ ਮੰਗ ਹੈ ਕਿ ਸਰਕਾਰੀ ਪੱਧਰ 'ਤੇ ਹਸਤਕਲਾ ਮੇਲੇ, ਸਿਖਲਾਈ ਕੇਂਦਰ, ਜੀ. ਆਈ. ਟੈਗ ਦੀ ਪ੍ਰਭਾਵਸ਼ਾਲੀ ਵਰਤੋਂ ਤੇ ਨਵੀਂ ਮਾਰਕੀਟਿੰਗ ਰਣਨੀਤੀ ਰਾਹੀਂ ਇਹ ਕਲਾਵਾਂ ਬਚਾਈਆਂ ਜਾਣ |