ਪਟਿਆਲਾ, 27 ਸਤੰਬਰ (ਮਨਦੀਪ ਸਿੰਘ ਖਰੌੜ)-ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਤੀਸਰੀ ਵੀਡੀਓ ਜ਼ਾਰੀ ਕਰਕੇ ਆਮ ਆਦਮੀ ਪਾਰਟੀ ਵਲੋਂ ਉਸ ਤੇ ਉਸ ਦੇ ਪਰਿਵਾਰ 'ਤੇ ਕੀਤੇ ਜਾ ਰਹੇ ਤਸ਼ੱਦਦ ਬਾਰੇ ਲੋਕਾਂ ਦੀ ਕਚਹਿਰੀ ਵਿਚ ਆਪਣਾ ਪੱਖ ਰੱਖਿਆ ਹੈ | 25 ਦਿਨਾਂ ਤੋਂ ਫਰਾਰ ਚਲ ਰਹੇ ਵਿਧਾਇਕ ਨੇ ਦੱਸਿਆ ਕਿ ਉਹ ਪੰਜਾਬ ਦੇ ਹੱਕ ਵਿਚ ਦਿੱਲੀ ਵਾਲੇ ਆਗੂਆਂ ਦੇ ਖਿਲਾਫ਼ ਬੋਲਿਆ ਸੀ ਜਿਸ ਦਾ ਉਸ ਨੂੰ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਉਸ ਖਿਲਾਫ ਜਬਰ ਜਨਾਹ ਦੇ ਪਰਚੇ ਤੋਂ ਬਿਨਾਂ ਇਕ ਮਾਈਨਿੰਗ ਅਤੇ ਇਕ ਗੋਲੀ ਚਲਾਉਣ ਦਾ ਤੇ ਇਕ ਨਸ਼ੇ ਦੇ ਪੁਰਾਣੇ ਪਰਚੇ ਵਿਚ ਉਸ ਨੂੰ ਨਾਮਜ਼ਦ ਕਰਕੇ ਨਾਜਾਇਜ਼ ਤੌਰ 'ਤੇ ਆਮ ਆਦਮੀ ਪਾਰਟੀ ਉਸ ਨੂੰ ਪਰੇਸ਼ਾਨ ਕਰ ਰਹੀ ਹੈ | ਇਨ੍ਹਾਂ ਸਾਰੇ ਪਰਚਿਆਂ ਦਾ ਜਵਾਬ ਉਹ ਸਬੂਤਾਂ ਸਮੇਤ ਹਾਈਕੋਰਟ ਵਿਚ ਦੇਣਗੇ | ਪਠਾਣਮਾਜਰਾ ਨੇ ਵੀਡੀਓ 'ਚ ਕਿਹਾ ਕਿ ਦਿੱਲੀ ਵਾਲੇ ਆਗੂ ਪੰਜਾਬ ਨੂੰ ਕਿਵੇਂ ਵਰਤ ਰਹੇ ਹਨ ਇਹ ਜਾਣਕਾਰੀ ਜਨਤਕ ਕਰਨ ਦਾ ਖ਼ਮਿਆਜ਼ਾ ਉਨ੍ਹਾਂ ਦੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ | ਜੇਕਰ ਮੇਰੇ ਪਰਿਵਾਰ ਨੂੰ ਕੁਝ ਹੁੰਦਾ ਹੈ ਤਾਂ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ | ਵਿਧਾਇਕ ਪਠਾਣਮਾਜਰਾ ਨੇ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਸਦਾ ਮੁੱਦਾ ਵਿਧਾਨ ਸਭਾ ਵਿਚ ਉਠਾ ਕੇ ਪਠਾਣਮਾਜਰਾ ਨੂੰ ਇਨਸਾਫ਼ ਦਿਵਾਓ ਕਿ ਆਮ ਆਦਮੀ ਪਾਰਟੀ ਉਸ ਦੇ ਪਰਿਵਾਰ ਨੂੰ ਇੰਨਾ ਤੰਗ ਪਰੇਸ਼ਾਨ ਕਿਉਂ ਕਰ ਰਹੀ ਹੈ |